Punjab News: ਪੋਲਿੰਗ ਸਟਾਫ਼ ਲੈ ਕੇ ਜਾ ਰਹੀ ਬੱਸ ਟਰੱਕ ਨਾਲ ਟਕਰਾਈ ਕਰੀਬ 8 ਲੋਕ ਹੋਏ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News: ਗੰਭੀਰ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

A bus carrying polling staff collided with a truck and around 8 people were injured

 

Punjab News:  ਬਟਾਲਾ ’ਚ ਬੀਤੇ ਦਿਨ ਦੇਰ ਸ਼ਾਮ ਪੋਲਿੰਗ ਸਟਾਫ਼ ਨੂੰ ਲੈ ਕੇ ਜਾ ਰਹੀ ਬੱਸ ਦੀ ਗੁਰਦਾਸਪੁਰ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਪਿੰਡ ਕਾਲਾ ਨੰਗਲ ਨੇੜੇ ਟਰੱਕ ਨਾਲ ਅਚਾਨਕ ਟੱਕਰ ਹੋ ਗਈ।

ਦੱਸਿਆ ਜਾ ਰਿਹਾ ਹੈ ਕੀ ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਦੋਂ ਕਿ ਚਾਰ ਤੋਂ ਪੰਜ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗੰਭੀਰ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

ਹਾਦਸੇ ਤੋਂ ਬਾਅਦ ਐਸਡੀਐਮ ਵਿਕਰਮਜੀਤ ਸਿੰਘ ਜ਼ਖ਼ਮੀਆਂ ਦਾ ਹਾਲ ਚਾਲ ਜਾਣਨ ਲਈ ਸਿਵਿਲ ਹਸਪਤਾਲ ਮੌਕੇ ’ਤੇ ਪੁੱਜੇ।

ਜਾਣਕਾਰੀ ਅਨੁਸਾਰ ਬੱਸ ਤੇਜ਼ ਰਫ਼ਤਾਰ ਹੋਣ ਕਾਰਨ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਹਾਦਸਾ ਵਾਪਰ ਗਿਆ। ਉਥੇ ਹੀ ਇਸ ਹਾਦਸੇ ਤੋ ਬਾਅਦ ਐਸਐਸਐਫ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ।

ਚੋਣ ਡਿਊਟੀ ’ਤੇ ਜਾ ਰਹੇ ਮੁਲਾਜ਼ਮ ਰਾਜ ਕੁਮਾਰ ਨੇ ਦੱਸਿਆ ਕਿ ਉਹ ਬੱਸ ਰਾਹੀਂ ਚੋਣ ਡਿਊਟੀ ’ਤੇ ਜਾ ਰਹੇ ਸਨ ਅਤੇ ਬੱਸ ਵਿੱਚ ਪੰਜ ਪੋਲਿੰਗ ਪਾਰਟੀਆਂ ਬੈਠੀਆਂ ਸਨ। ਜਦੋਂ ਉਨ੍ਹਾਂ ਦੀ ਬੱਸ ਗੁਰਦਾਸਪੁਰ-ਅੰਮ੍ਰਿਤਸਰ ਮੁੱਖ ਮਾਰਗ 'ਤੇ ਕਾਲਾ ਨੰਗਲ ਦੇ ਪੁਲ ਨੇੜੇ ਪਹੁੰਚੀ ਤਾਂ ਅੱਗੇ ਜਾ ਰਹੇ ਟਰੱਕ ਨਾਲ ਬੱਸ ਦੀ ਟੱਕਰ ਹੋ ਗਈ।

ਕਰਮਚਾਰੀ ਦੀਪਕ ਨੇ ਦੱਸਿਆ ਕਿ ਹਾਦਸੇ ਵਿੱਚ ਉਸ ਦੇ ਸਾਥੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਦੀ ਬਾਂਹ ਵੀ ਫਰੈਕਚਰ ਹੋ ਗਈ ਹੈ। ਉਹਨਾਂ ਦੱਸਿਆ ਕਿ ਇਸ ਹਾਦਸੇ ਦੀ ਸੂਚਨਾ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਉੱਚ ਅਧਿਕਾਰੀਆਂ ਦੇ ਕਹਿਣ 'ਤੇ ਹਸਪਤਾਲ ਤੋਂ ਮੈਡੀਕਲ ਕਰਵਾਇਆ ਜਾ ਰਿਹਾ ਹੈ।

ਮੌਕੇ ਤੇ ਪਹੁੰਚੇ ਐਸਡੀਐਮ ਬਟਾਲਾ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਉਹ ਸਿਵਲ ਹਸਪਤਾਲ ਪੁੱਜੇ ਅਤੇ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਿਆ। ਉਹਨਾਂ ਦੱਸਿਆ ਕਿ ਹਾਦਸੇ ’ਚ ਜ਼ਖਮੀ ਖ਼ਤਰੇ ਤੋਂ ਬਾਹਰ ਹਨ ।