ਵਿਆਹ ਕਰਵਾ ਕੇ ਵਿਦੇਸ਼ ਲਿਜਾਣ ਦੇ ਨਾਂ ’ਤੇ ਨੌਜਵਾਨ ਨਾਲ ਹੋਈ ਠੱਗੀ
ਕੈਨੇਡਾ ਜਾ ਕੇ ਮੁੱਕਰੀ ਰਮਨਦੀਪ ਕੌਰ, ਸੂਰਜਪਾਲ ਸਿੰਘ ਨਾਲ ਤੋੜਿਆ ਰਿਸ਼ਤਾ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਪਿੰਡ ਚੱਕ ਮਿਸ਼ਰੀ ਖਾਂ ’ਚ ਇਕ ਮੁਟਿਆਰ ਨੇ ਵਿਆਹ ਕਰਕੇ ਵਿਦੇਸ਼ ਨਾਲ ਲੈ ਜਾਣ ਦਾ ਝਾਂਸਾ ਦੇ ਕੇ ਨੌਜਵਾਨ ਤੋਂ ਲੱਖਾਂ ਰੁਪਏ ਠੱਗ ਲਏ। ਮੁਟਿਆਰ ਨੇ ਵਿਆਹ ਦੇ ਕੁੱਝ ਮਹੀਨਿਆਂ ਮਗਰੋਂ ਹੀ ਕੈਨੇਡਾ ਜਾ ਕੇ ਰਿਸ਼ਤਾ ਤੋੜ ਦਿੱਤਾ। ਪੀੜਤ ਸੂਰਜਪਾਲ ਸਿੰਘ ਨੇ ਪੁਲਿਸ ਨੂੰ ਦਸਤਾਵੇਜ਼ ਸੌਂਪ ਕੇ ਆਰੋਪੀਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕਰਨ ਅਤੇ ਪੈਸਾ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ।
ਸੂਰਜਪਾਲ ਦਾ ਆਰੋਪ ਹੈ ਕਿ ਰਮਨਦੀਪ ਕੌਰ ਦੀ ਭੈਣ ਸੁਮਨਦੀਪ ਕੌਰ ਦੇ ਪੁਲਿਸ ਵਿਭਾਗ ਵਿਚ ਹੋਣ ਕਾਰਨ ਮਾਮਲਾ ਦਿੱਤਾ ਗਿਆ। ਜਿਸ ਤੋਂ ਬਾਅਦ ਪਰਿਵਾਰ ਨੇ ਪੰਜਾਬ-ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਕੋਰਟ ਦੇ ਹੁਕਮਾਂ ਤੋਂ ਬਾਅਦ ਐਫ.ਆਈ.ਆਰ. ਦਰਜ ਕੀਤੀ ਗਈ। ਪਰ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਸੂਰਜਪਾਲ ਨੇ ਦੱਸਿਆ ਕਿ ਉਸ ਦਾ ਵਿਆਹ 7 ਜਨਵਰੀ 2022 ਨੂੰ ਰਮਨਦੀਪ ਕੌਰ ਨਾਲ ਹੋਇਆ ਸੀ। ਦੋਵਾਂ ਨੇ ਕੋਰਟ ਮੈਰਿਜ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਵਿਚ ਵੀ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਹੋਇਆ ਸੀ। ਵਿਆਹ ਤੋਂ ਇਕ ਮਹੀਨਾ ਬਾਅਦ ਰਮਨਦੀਪ ਕੌਰ ਇਹ ਕਹਿ ਕੇ ਆਪਣੇ ਪੇਕੇ ਚਲੀ ਗਈ ਕਿ ਏਜੰਟ ਉਨ੍ਹਾਂ ਦੇ ਘਰ ਦੇ ਕੋਲ ਹੀ ਰਹਿੰਦਾ ਹੈ, ਜੋ ਵਿਦੇਸ਼ ਭੇਜਣ ਦਾ ਸਾਰਾਾ ਕੰਮ ਕਰਵਾਏਗਾ। ਸੂਰਜਪਾਲ ਨੇ ਰਮਨਦੀਪ ਕੌਰ ਨੂੰ 11 ਲੱਖ 30 ਹਜ਼ਾਰ ਰੁਪਏ ਦਿੱਤੇ ਅਤੇ ਇਸ ਲੈਣ-ਦੇਣ ਨਾਲ ਜੁੜੀ ਸਾਰੀ ਬੈਂਕ ਸਟੇਟਮੈਂਟ ਵੀ ਪੁਲਿਸ ਨੂੰ ਸੌਂਪੀ ਗਈ।
ਸੂਰਜਪਾਲ ਦਾ ਕਹਿਣਾ ਹੈ ਕਿ ਉਸ ਨੂੰ ਬਿਨਾ ਦੱਸੇ ਉਸ ਦੀ ਪਤਨੀ ਨੂੰ ਕੈਨੇਡਾ ਭੇਜ ਦਿੱਤਾ ਗਿਆ। ਜਦੋਂ ਉਸ ਨੇ ਆਪਣੇ ਸਹੁਰਿਆਂ ਤੋਂ ਪੁੱਛਿਆ ਕਿ ਰਮਨਦੀਪ ਕੌਰ ਕਿੱਥੇ ਹੈ ਤਾਂ ਜਵਾਬ ਮਿਲਿਆ ਕਿ ਅਸੀਂ ਉਸ ਨੂੰ ਵਿਦੇਸ਼ ਭੇਜ ਦਿੱਤਾ ਹੈ, ਹੁਣ ਤੂੰ ਜੋ ਕਰਨਾ ਹੈ ਕਰ ਲੈ, ਅਸੀਂ ਜੋ ਕਰਨਾ ਸੀ ਕਰ ਲਿਆ।
ਪੀੜਤ ਦਾ ਕਹਿਣਾ ਹੈ ਕਿ ਦੋਵਾਂ ਦਾ ਸਮਝੌਤਾ ਹੋਇਆ ਸੀ ਕਿ ਉਹ ਇਕੱਠੇ ਵਿਦੇਸ਼ ਜਾਣਗੇ। ਪਰ ਰਮਨਦੀਪ ਕੌਰ ਦੇ ਪਰਿਵਾਰ ਨੇ ਧੋਖਾ ਕਰਦੇ ਹੋਏ ਉਸ ਨੂੰ ਇਕੱਲੀ ਨੂੰ ਹੀ ਭੇਜ ਦਿੱਤਾ ਅਤੇ ਫਿਰ ਰਿਸ਼ਤਾ ਤੋੜ ਦਿੱਤਾ। ਸੂਰਜਪਾਲ ਸਿੰਘ ਨੇ ਪੁਲਿਸ ਨੂੰ ਦਸਤਾਵੇਜ਼ ਸੌਂਪ ਕੇ ਆਰੋਪੀਆਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਅਤੇ ਖਰਚਿਆ ਪੈਸਾ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ।