Canada ਤੋਂ ਵਾਪਸ ਆਏ ਨੌਜਵਾਨ ਤੋਂ ਅੰਮ੍ਰਿਤਸਰ ਪੁਲਿਸ ਨੇ 6 ਪਿਸਤੌਲ ਤੇ ਜਿੰਦਾ ਕਾਰਤੂਸ ਕੀਤੇ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੌਜਵਾਨ ਦਾ ਪਾਕਿਸਤਾਨੀ ਸਮਗਲਰਾਂ ਨਾਲ ਦੱਸਿਆ ਜਾ ਰਿਹਾ ਹੈ ਸਬੰਧ

Amritsar Police recover 6 pistols and live ammunition from youth who returned from Canada

ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਘਰੀਂਡਾ ਦੀ ਟੀਮ ਨੇ ਕੈਨੇਡਾ ਤੋਂ ਇੱਕ ਮਹੀਨਾ ਪਹਿਲਾਂ ਵਾਪਸ ਆਏ ਨੌਜਵਾਨ ਨੂੰ ਗ੍ਰਿਫਤਾਰ ਕਰਦੇ ਹੋਏ, ਉਸ ਦੇ ਕਬਜ਼ੇ ’ਚੋਂ ਵੱਡੀ ਮਾਤਰਾ ਵਿੱਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ (ਡੀ) ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਆਰੋਪੀ ਦੀ ਪਹਿਚਾਣ ਅਮਰਬੀਰ ਸਿੰਘ ਉਰਫ਼ ਅਮਰ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਉਸ ਦੇ ਕੋਲੋਂ ਛੇ ਪਿਸਤੌਲ ਪੌਇੰਟ 30 ਬੋਰ, 91 ਜਿੰਦਾ ਰੋਂਦ (.30ਬੋਰ), 20 ਜਿੰਦਾ ਕਾਰਤੂਸ (9 ਐਮ ਐਮ) ਅਤੇ 11 ਮੈਗਜ਼ੀਨ ਬਰਾਮਦ ਕੀਤੀਆਂ ਹਨ।

ਪੁਲਿਸ ਅਧਿਕਾਰੀਆਂ ਅਨੁਸਾਰ 8 ਅਕਤੂਬਰ ਨੂੰ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਕਾਰਵਾਈ ਦੌਰਾਨ ਦੋ ਨਾਬਾਲਗ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇਂ ਉਹਨਾਂ ਕੋਲੋਂ ਤਿੰਨ ਪਿਸਤੌਲ, ਚਾਰ ਮੈਗਜ਼ੀਨ, 10 ਜਿੰਦਾ ਕਾਰਤੂ ਅਤੇ ਇੱਕ ਬਿਨਾਂ ਨੰਬਰ ਦੀ ਮੋਟਰਸਾਈਕਲ ਬਰਾਮਦ ਹੋਈ ਸੀ। ਉਸੇ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਅਮਰਬੀਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ, ਜੋ ਕਿ ਇੱਕ ਮਹੀਨਾ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਸੀ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਉਸਦੇ ਪਾਕਿਸਤਾਨੀ ਸਮਗਲਰਾਂ ਨਾਲ ਸੰਪਰਕ ਸਨ ਅਤੇ ਉਹ ਪੰਜਾਬ ਵਿੱਚ ਹਥਿਆਰਾਂ ਦੀ ਸਪਲਾਈ ਦੀ ਯੋਜਨਾ ਬਣਾ ਰਿਹਾ ਸੀ। ਪੁਲਿਸ ਨੇ ਹੁਣ ਤੱਕ ਕੁੱਲ 9 ਪਿਸਤੌਲ (.30 ਬੋਰ), 101 ਜਿੰਦਾ ਕਾਰਤੂਸ (.30 ਬੋਰ), 20 ਜਿੰਦਾ ਕਾਰਤੂਸ (9 ਐਮ ਐਮ), 11 ਮੈਗਜ਼ੀਨ, ਦੋ ਵਾਹਨ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲਿਸ ਅੱਗੇ ਦੀ ਜਾਂਚ ਕਰ ਰਹੀ ਹੈ ਕਿ ਇਹ ਹਥਿਆਰ ਕਿੱਥੋਂ ਆਏ ਤੇ ਕਿਹੜੇ ਗਰੁੱਪ ਨੂੰ ਸਪਲਾਈ ਕੀਤੇ ਜਾਣੇ ਸਨ।