ਅਕਾਲੀ ਸੋਚ ਖ਼ਤਮ ਨਹੀਂ ਹੋਈ, ਬਾਦਲਾਂ ਤੋਂ ਸੁਰਖ਼ਰੂ ਹੋ ਨਿਕਲੇਗਾ ਸਿਧਾਂਤਕ ਅਕਾਲੀ ਦਲ: ਰਵੀ ਇੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਬਾਦਲ ਦੇ 1977 ਵਾਲੇ ਪਹਿਲੇ ਕਾਰਜਕਾਲ 'ਚ ਹੀ ਸਰਾਏਨਾਗਾ ਗੁਰਦਵਾਰੇ ਤੋਂ ਬੇਅਦਬੀ ਸ਼ੁਰੂ ਹੋ ਗਈ ਸੀ

Ravi Inder Singh

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਪੰਜ ਵਾਰ ਵਿਧਾਇਕ ਅਤੇ ਇਕ ਅਕਾਲੀ ਸਰਕਾਰ ਸਮੇਂ ਪੰਜਾਬ ਵਿਧਾਨ ਸਭਾ ਦਾ ਸਪੀਕਰ ਰਹੇ ਰਵੀ ਇੰਦਰ ਸਿੰਘ ਦੁੰਮਣਾ ਨੇ ਕਿਹਾ ਹੈ ਕਿ ਪੰਜਾਬ ਵਿਚੋਂ ਅਕਾਲੀ ਸੋਚ ਹਰਗਿਜ਼ ਖ਼ਤਮ ਨਹੀਂ ਹੋਈ ਅਤੇ ਹੁਣ ਬਾਦਲਾਂ ਦੇ ਗਲਬੇ ਤੋਂ ਸੁਰਖਰੂ ਹੋ 1920 ਵਿਚ ਅਪਣੀ ਸਥਾਪਨਾ ਦੇ ਸਿਧਾਂਤ ਵਾਲਾ ਅਸਲ ਅਕਾਲੀ ਦਲ ਮੁੜ ਸਥਾਪਤ ਹੋਵੇਗਾ। 'ਅਖੰਡ ਅਕਾਲੀ ਦਲ 1920' ਦੇ ਪ੍ਰਧਾਨ ਵਜੋਂ ਵਿਚਰ ਰਹੇ ਇਸ ਅਕਾਲੀ ਆਗੂ ਨੇ 'ਸਪੋਕਸਮੈਨ ਵੈਬ ਟੀਵੀ' ਕੋਲ ਇਕ ਖ਼ਾਸ ਇੰਟਰਵਿਊ ਦੌਰਾਨ ਕਈ ਅਹਿਮ ਪ੍ਰਗਟਾਵੇ ਵੀ ਕੀਤੇ।

ਬਾਦਲ ਅਕਾਲੀ ਦਲ ਦੀ ਆਖ਼ਰੀ ਕਾਰਜਕਾਲ ਦੌਰਾਨ ਸੂਬੇ ਵਿਚ ਗੁਰੂ ਗ੍ਰੰਥ ਸਾਹਿਬ ਅਤੇ ਹੋਰਨਾਂ ਧਾਰਮਕ ਗ੍ਰੰਥਾਂ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੀ ਘੋਰ ਨਿੰਦਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੌਰਾਨ ਬੇਅਦਬੀ ਦੀ ਵਾਪਰੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ 1977 ਤੋਂ 1979 ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪਹਿਲੀ ਅਕਾਲੀ ਸਰਕਾਰ ਵਿਚ ਹੀ ਪਿੰਡ ਸਰਾਏਨਾਗਾ ਦੇ ਗੁਰਦਵਾਰੇ ਤੋਂ ਪੰਜਾਬ ਪੁਲਿਸ ਦੁਆਰਾ ਬੇਅਦਬੀ ਦਾ ਦੌਰ ਸ਼ੁਰੂ ਹੋ ਗਿਆ ਸੀ ਤੇ ਸਾਬਕਾ ਮੁੱਖ ਮੰਤਰੀ ਬਾਦਲ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਪੁਸ਼ਤਪਨਾਹੀ ਹੀ ਕਰਦੇ ਆਏ ਹਨ।

ਉਨ੍ਹਾਂ ਦਸਿਆ ਕਿ ਸਰਾਏਨਾਗਾ ਵਿਚ ਨਿਹੰਗ ਸਿੰਘਾਂ ਦਾ ਕਿਸੇ ਸਥਾਨਕ ਨਿਵਾਸੀ ਨਾਲ ਕੁੱਤੇ ਨੂੰ ਬਰਛੇ ਦੀ ਮਹਿਜ ਨੋਕ ਚੋਭਣ ਕਾਰਨ ਤਕਰਾਰ ਹੋ ਗਿਆ। ਕੁੱਤੇ ਦੇ ਮਾਲਕ ਦੀ ਸ਼ਿਕਾਇਤ ਉਤੇ ਤਤਕਾਲੀ ਐਸਐਸਪੀ ਫ਼ਰੀਦਕੋਟ ਨੇ ਸੈਂਕੜੇ ਦੀ ਨਫ਼ਰੀ ਨਾਲ ਗੁਰਦਵਾਰਾ ਘੇਰ ਲਿਆ ਅਤੇ ਅੰਦਰ ਅਰਾਮ ਕਰਨ ਰਹੇ ਨਿਹੰਗਾਂ ਨੂੰ ਫੜ-ਫੜ ਕੇ ਨਾ ਸਿਰਫ਼ ਗੋਲੀਆਂ ਨਾਲ ਭੁੰਨ ਦਿਤਾ ਬਲਕਿ ਪੁਲਿਸ ਬੂਟਾਂ ਸਮੇਤ ਗੁਰਦਵਾਰੇ ਅੰਦਰ ਦਾਖ਼ਲ ਵੀ ਹੋਈ। ਪ੍ਰਕਾਸ਼ ਸਿੰਘ ਬਾਦਲ ਦੇ ਬਜ਼ੁਰਗ (ਮਰਹੂਮ) ਤੇਜਾ ਸਿੰਘ ਤੇ ਮਹੇਸ਼ਇੰਦਰ ਸਿੰਘ ਬਾਦਲ ਦੇ ਕਰੀਬੀ ਰਿਸ਼ਤੇਦਾਰ ਰਵੀ ਇੰਦਰ ਸਿੰਘ ਨੇ ਦਾਅਵਾ ਕੀਤਾ

ਕਿ ਉਸ ਵੇਲੇ ਵੀ ਮੁੱਖ ਮੰਤਰੀ ਹੁੰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਉਕਤ ਘਟਨਾ ਬਾਰੇ ਕੋਈ ਕਾਰਵਾਈ ਨਹੀਂ ਕੀਤੀ। ਇਸੇ ਤਰ੍ਹਾਂ 1997 ਵਿਚ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੜ ਪੰਜਾਬ ਦੇ ਮੁੱਖ ਮੰਤਰੀ ਬਣਦੇ ਹਨ ਤਾਂ ਰੋਪੜ ਜ਼ਿਲ੍ਹੇ ਦੇ ਪਿੰਡ ਰਤਨਗੜ੍ਹ ਤੇ ਘੜੂਆਂ ਸਣੇ 7 ਥਾਵਾਂ ਉਤੇ ਬੇਅਦਬੀ ਹੋਈ ਤੇ ਬਾਦਲ ਨੇ ਕੋਈ ਕਾਰਵਾਈ ਕਰਨ ਦੀ ਬਜਾਏ ਇਕ ਸਾਧ (ਇਸ਼ਾਰਾ ਭਨਿਆਰੇਵਾਲੇ ਵਲ) ਦੀ ਪੁਸ਼ਤਪਨਾਹੀ ਕਰ ਉਸ ਨੂੰ ਸਿੱਖੀ ਨੂੰ ਢਾਹ ਲਾਉਣ ਵਾਲਾ ਡੇਰਾ ਸਥਾਪਤ ਕਰਨ ਦਾ ਮੌਕਾ ਪ੍ਰਦਾਨ ਕਰ ਦਿਤਾ।

ਇਸੇ ਤਰ੍ਹਾਂ ਹੁਣ 2015 ਵਿਚ ਵੀ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੋਣ ਦੌਰਾਨ ਹੀ ਸੌਦਾ ਸਾਧ ਨੂੰ ਮਾਫ਼ੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀਕਾਂਡ ਵਾਪਰੇ ਅਤੇ ਬਾਦਲ ਨੇ ਅਪਣੀ ਸਰਕਾਰ ਦੇ ਰਹਿੰਦਿਆਂ 2017 ਤਕ ਕਿਸੇ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ। 'ਮੈਨੂੰ 1997 ਵਾਲੀ ਬਾਦਲ ਸਰਕਾਰ ਡੇਗਣ ਦੇ ਦੋਸ਼ ਵਿਚ ਕਢਣ ਮੌਕੇ ਚੁੱਪ ਰਹੇ ਬ੍ਰਹਮਪੁਰਾ ਦਾ ਹੁਣ ਬਾਗ਼ੀ ਹੋਣਾ ਚੰਗੀ ਗੱਲ' ਉਨ੍ਹਾਂ ਹੁਣ ਟਕਸਾਲੀ ਅਕਾਲੀਆਂ ਵਲੋਂ ਬਾਦਲ ਪਰਵਾਰ ਦੀ ਅਗਵਾਈ ਵਾਲੇ ਅਕਾਲੀ ਦਲ ਵਿਰੁਧ ਬਗ਼ਾਵਤ ਕੀਤੇ ਜਾਣ ਨੂੰ ਦੇਰ ਆਏ-ਦਰੁਸਤ ਆਏ ਆਖਿਆ।

ਉਨ੍ਹਾਂ ਦਸਿਆ ਕਿ 1999 ਵਿਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸਿਆਸੀ ਮਾਮਲਿਆਂ ਬਾਰੇ ਕਮੇਟੀ ਕੋਲ ਤਲਬ ਕਰ ਉਨ੍ਹਾਂ 'ਤੇ ਸਰਕਾਰ ਡੇਗਣ ਦੀ ਸਾਜ਼ਸ਼ ਰਚਣ ਦੇ ਦੋਸ਼ ਲਾ ਉਨ੍ਹਾਂ ਨੂੰ ਪਾਰਟੀ ਵਿਚੋਂ ਕਢਿਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਸ ਵੇਲੇ ਬਾਦਲ ਕੋਲ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਬੈਠੇ ਸਨ ਅਤੇ ਉਨ੍ਹਾਂ (ਰਵੀ ਇੰਦਰ ਸਿੰਘ) ਨੇ ਬਾਦਲ ਨੂੰ ਬ੍ਰਹਮਪੁਰਾ ਸਾਹਮਣੇ ਹੀ ਅਪਣੇ ਉਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿਤਾ ਸੀ ਅਤੇ ਦਸਿਆ ਸੀ ਕਿ ਕਿਵੇਂ ਬ੍ਰਹਮਪੁਰਾ ਦੀ ਹਾਜ਼ਰੀ ਵਿਚ ਕੁੱਝ ਅਕਾਲੀ ਵਿਧਾਇਕ ਉਨ੍ਹਾਂ ਖ਼ੁਦ ਅਪਣੀ ਸਰਕਾਰ ਦੀ ਨੁਕਤਾਚੀਨੀ ਕਰਦੇ ਵੇਖੇ ਅਤੇ ਸੁਣੇ ਹਨ।

ਰਵੀ ਇੰਦਰ ਸਿੰਘ ਨੇ ਦਾਅਵਾ ਕੀਤਾ ਕਿ ਬ੍ਰਹਮਪੁਰਾ ਉਸ ਵੇਲੇ ਚੁੱਪ ਬੈਠੇ ਰਹੇ ਪਰ ਅੱਜ ਜਦੋਂ ਉਨ੍ਹਾਂ ਨੂੰ ਬਾਦਲ ਕੁਨਬੇ ਦੀ ਅਸਲੀਅਤ ਦਾ ਪਤਾ ਲੱਗਾ ਹੈ ਤਾਂ ਹੁਣ ਬਗ਼ਾਵਤ ਕਰਨਾ ਚੰਗੀ ਗੱਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਾਝੇ ਵਾਲੇ ਟਕਸਾਲੀ ਅਕਾਲੀ ਆਗੂਆਂ ਨਾਲ ਹਾਲ ਦੀ ਘੜੀ ਤਾਂ ਉਨ੍ਹਾਂ ਦਾ ਕੋਈ ਸੰਪਰਕ ਨਹੀਂ ਹੈ ਪਰ ਜਲਦ ਹੀ ਆਪਸੀ ਤਾਲਮੇਲ ਬਣਾ ਅਕਾਲੀ ਸਿਧਾਂਤ ਪੁਨਰ ਜੀਵਤ ਕੀਤਾ ਜਾਵੇਗਾ। 

ਬਾਦਲਾਂ ਦੇ ਬਾਈਕਾਟ ਦਾ ਸੱਦਾ 
ਉਨ੍ਹਾਂ ਕਿਹਾ ਕਿ ਬਾਦਲ ਅਤੇ ਉਨ੍ਹਾਂ ਦੇ ਕੁੱਝ ਕਰੀਬੀ ਰਿਸ਼ਤੇਦਾਰ ਅਤੇ ਨੇੜਲੇ ਆਗੂ ਸੌਦਾ ਸਾਧ ਨੂੰ ਮਾਫ਼ੀ, ਵਾਰ ਵਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ। ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਜਿਹੀਆਂ ਵਕਾਰੀ ਸਿੱਖ ਸੰਸਥਾਵਾਂ ਨੂੰ ਢਾਹ ਲਾਉਣ ਅਤੇ ਅਸਲ ਅਕਾਲੀ ਸਿਧਾਂਤ ਨੂੰ ਬਦਨਾਮ ਕਰਨ ਦੇ ਦੋਖੀ ਹਨ। ਅਕਾਲ ਤਖ਼ਤ ਉਤੇ ਵੀ ਬਾਦਲਾਂ ਦਾ ਦਬਦਬਾ ਹੈ। ਸੋ ਸਰਬੱਤ ਖ਼ਾਲਸਾ ਸੱਦ ਇਨ੍ਹਾਂ ਸੱਭ ਦਾ ਇਨ੍ਹਾਂ ਦੇ ਜਿਊਂਦੇ ਜੀਅ ਕੌਮ ਵਲੋਂ ਬਾਈਕਾਟ ਕਰ ਦਿਤਾ ਜਾਵੇ। 

(ਇਹ ਮੁਕੰਮਲ ਇੰਟਰਵਿਊ 'ਸਪੋਕਸਮੈਨ ਵੈਬ ਟੀਵੀ' ਉਤੇ ਉਪਲਭਦ ਹੈ)