ਅਕਸ਼ੇ ਤੇ ਸੁਖਬੀਰ ਦੇ ਆਪਸ ਵਿਚ ਕਈ ਸਕੈਂਡਲ : ਜਲਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਅਦਬੀ ਦੇ ਮਾਮਲਿਆਂ ਸਬੰਧੀ ਮੁੰਬਈ ਵਿਚ ਫ਼ਿਲਮੀ ਅਦਾਕਾਰ ਅਕਸ਼ੇ ਕੁਮਾਰ ਦੇ ਘਰ ਸੌਦਾ ਸਾਧ ਅਤੇ ਸੁਖਬੀਰ ਵਿਚਕਾਰ ਹੋਈ 100 ਕਰੋੜੀ ਕਥਿਤ ਡੀਲ ਬਾਬਤ...........

Harbans Singh Jalal

ਚੰਡੀਗੜ੍ਹ  : ਬੇਅਦਬੀ ਦੇ ਮਾਮਲਿਆਂ ਸਬੰਧੀ ਮੁੰਬਈ ਵਿਚ ਫ਼ਿਲਮੀ ਅਦਾਕਾਰ ਅਕਸ਼ੇ ਕੁਮਾਰ ਦੇ ਘਰ ਸੌਦਾ ਸਾਧ ਅਤੇ ਸੁਖਬੀਰ ਵਿਚਕਾਰ ਹੋਈ 100 ਕਰੋੜੀ ਕਥਿਤ ਡੀਲ ਬਾਬਤ ਸਾਬਕਾ ਅਕਾਲੀ ਵਿਧਾਇਕ ਹਰਬੰਸ ਸਿੰਘ ਜਲਾਲ ਨੇ ਮੀਡੀਆ ਨੂੰ ਦਸਿਆ ਕਿ ਉਸ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਅਧਿਕਾਰੀਆਂ ਨੂੰ ਗ਼ੈਰ-ਰਸਮੀ ਮੁਲਾਕਾਤ ਦੌਰਾਨ ਫ਼ਰੀਦਕੋਟ ਵਿਚ ਕੁੱਝ ਦਿਨ ਪਹਿਲਾਂ ਇਸ ਡੀਲ ਦੀਆਂ ਕੜੀਆਂ ਜੋੜ ਕੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜ਼ਰੂਰ ਸੁਖਬੀਰ ਬਾਦਲ ਦੋਸ਼ੀ ਹੈ।

ਸਾਬਕਾ ਅਕਾਲੀ ਵਿਧਾਇਕ ਨੇ ਕਿਹਾ ਕਿ ਜੇ ਲੋੜ ਪਈ ਤਾਂ ਉਹ ਹਾਈ ਕੋਰਟ ਵਿਚ ਤੱਥ ਪੇਸ਼ ਕਰੇਗਾ ਪਰ ਉਨ੍ਹਾਂ ਇਥੇ ਕੀਤੀ ਗਈ ਪ੍ਰੈਸ ਕਾਨਫ਼ਰੰਸ ਵਿਚ ਕੋਈ ਪੁਖ਼ਤਾ ਸਬੂਤ, ਦਸਤਾਵੇਜ਼ ਜਾਂ ਘਟਨਾ ਵਿਚ ਅਪਣੀ ਹਾਜ਼ਰੀ ਬਾਰੇ ਦਸਤਾਵੇਜ਼ ਪੇਸ਼ ਨਹੀਂ ਕੀਤਾ। ਜ਼ਿਕਰਯੋਗ ਹੈ ਕਿ 46 ਸਾਲ ਪਹਿਲਾਂ ਹਰਬੰਸ ਲਾਲ ਜਲਾਲ, ਅਕਾਲੀ ਦਲ ਬਾਦਲ ਦੀ ਮਦਦ ਨਾਲ 1972 ਵਿਚ ਬਤੌਰ ਆਜ਼ਾਦ ਉਮੀਦਵਾਰ, ਹਲਕਾ ਰਾਮਪੁਰਾ ਫੂਲ ਤੋਂ ਜਿੱਤੇ ਸਨ ਅਤੇ 1977 ਵਿਚ ਦੁਬਾਰਾ ਬਾਦਲ ਦਲ ਦੀ ਟਿਕਟ 'ਤੇ ਫਿਰ ਜਿੱਤੇ ਸਨ। ਉਸ ਉਪਰੰਤ ਕਦੇ ਵੀ ਨਾ ਕਾਂਗਰਸ ਅਤੇ ਨਾ ਹੀ ਅਕਾਲੀ ਦਲ ਨੇ ਉਨ੍ਹਾਂ ਨੂੰ ਟਿਕਟ ਦਿਤੀ।

ਸ. ਜਲਾਲ ਨੇ ਕਿਹਾ ਨਾ ਉਹ ਮੁੰਬਈ ਗਏ, ਨਾ ਹੀ ਡੀਲ ਵਿਚ ਕੋਈ ਭੂਮਿਕਾ ਨਿਭਾਈ ਪਰ ਇਹ ਇਸ਼ਾਰਾ ਕੀਤਾ ਕਿ ਇਸ ਵਿਚ ਵੱਡੇ ਬਾਦਲ ਤੇ ਸੁਖਬੀਰ ਦਾ ਹੱਥ ਜ਼ਰੂਰ ਹੈ ਕਿਉਂਕਿ ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਡੇਰਾ ਮੁਖੀ ਦੀ ਚੇਲੀ ਹੈ। ਜਲਾਲ ਨੇ ਪ੍ਰੈਸ ਕਾਨਫ਼ਰੰਸ ਮੀਡੀਆ ਨੂੰ ਤੱਥ ਤੇ ਦਸਤਾਵੇਜ਼ ਵਿਖਾਉਣ ਤੇ ਪੇਸ਼ ਕਰਨ ਲਈ ਬੁਲਾਈ ਸੀ ਪਰ ਓਪਰੀਆਂ ਓਪਰੀਆਂ ਗੱਲਾਂ ਕਰਦੇ ਰਹੇ।

ਇਨ੍ਹਾਂ ਫੋਕੀਆਂ ਗੱਲਾਂ ਤੇ ਬੇਬੁਨਿਆਦ ਦੋਸ਼ਾਂ ਦੀ ਲੜੀ ਸੁਣਦੇ ਸੁਣਦੇ ਪੱਤਰਕਾਰ ਤੇ ਮੀਡੀਆ ਕਰਮੀ ਪ੍ਰੈਸ ਕਾਨਫ਼ਰੰਸ ਵਿਚੋਂ ਛੱਡ ਕੇ ਚਲੇ ਗਏ। ਜਲਾਲ ਨੇ ਏਨਾ ਜ਼ਰੂਰ ਕਿਹਾ ਕਿ ਅਜੇ ਵੀ, ਅਕਾਲੀ ਨੇਤਾਵਾਂ, ਵਿਸ਼ੇਸ਼ ਕਰ ਕੇ ਵੱਡੇ ਬਾਦਲ ਤੇ ਸੁਖਬੀਰ ਬਾਦਲ ਦੀ ਪੁਲਿਸ ਤੇ ਸਿਵਲ ਅਧਿਕਾਰੀ ਬਹੁਤ ਮੰਨਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੋਸ਼ੀ ਬਾਦਲਾਂ ਨੂੰ ਬਚਾਉਣ ਵਿਚ ਲੱਗੀ ਹੈ।