30 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੇ ਰੀਵਿਊ ਮੀਟਿੰਗ ਵਿਚ ਲਿਆ ਭਾਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਿਆ ਸਕੱਤਰ ਨੇ ਬਲਾਕ ਸਿੱਖਿਆ ਅਫ਼ਸਰਾਂ ਨੂੰ ਕੀਤਾ ਉਤਸ਼ਾਹਿਤ 

30 block primary education officers take part in review meeting

ਐੱਸ.ਏ.ਐੱਸ ਨਗਰ- ਸਿੱਖਿਆ ਵਿਭਾਗ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ ਰੀਵਿਊ ਮੀਟਿੰਗਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਮੁੱਖ ਦਫ਼ਤਰ ਦੇ ਕਾਨਫ਼ਰੰਸ ਹਾਲ ਵਿਖੇ ਆਯੋਜਿਤ ਮੀਟਿੰਗ ਵਿੱਚ 30 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੇ ਭਾਗ ਲਿਆ। ਇਸ ਮੀਟਿੰਗ ਵਿਚ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਮੂਹ ਬਲਾਕ ਪ੍ਰਾਇਮਰੀ ਅਫ਼ਸਰਾਂ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ।

ਉਨ੍ਹਾਂ ਪੰਜਾਬ ਦੀ ਸਿੱਖਿਆ ਨੂੰ ਹੋਰ ਉਚਾਈਆਂ ਤੇ ਲਿਜਾਣ ਲਈ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਕਾਮਯਾਬੀ ਲਈ ਸਕੂਲ ਪੱਧਰ ਤੱਕ ਮਾਈਕਰੋ ਯੋਜਨਾਬੰਦੀ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਲਈ ਅਧਿਆਪਕ ਬਹੁਤ ਲਗਨ ਅਤੇ ਉਤਸ਼ਾਹ ਨਾਲ ਕੰਮ ਕਰ ਰਹੇ ਹਨ ਅਤੇ ਅਧਿਆਪਕਾਂ ਦੀ ਸਖ਼ਤ ਘਾਲਣਾ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਵਿਚ ਬਣਦਾ ਯੋਗਦਾਨ ਦਿੱਤਾ ਹੈ।

ਉਨ੍ਹਾਂ ਕਿਹਾ ਕਿ 14 ਨਵੰਬਰ ਤੋਂ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਤੀਜੇ ਸੈਸ਼ਨ ਦੇ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ। ਮਾਪਿਆਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਵੱਧ ਰਿਹਾ ਹੈ ਇਸ ਲਈ ਹੁਣ ਸਮੂਹ ਬੀਪੀਈਓ ਅਤੇ ਅਧਿਆਪਕਾਂ ਦਾ ਇਹ ਫਰਜ਼ ਬਣ ਗਿਆ ਹੈ ਕਿ ਉਹ ਵੱਧ ਤੋਂ ਵੱਧ ਵਿਦਿਆਰਥੀਆਂ ਦਾ ਦਾਖ਼ਲਾ ਸਰਕਾਰੀ ਸਕੂਲਾਂ ਵਿਚ ਕਰਵਾਉਣ। ਉਨ੍ਹਾਂ ਸਕੂਲਾਂ ਵਿੱਚ ਵੱਧ ਤੋਂ ਵੱਧ ਈ-ਕੰਟੈਂਟ ਦੀ ਵਰਤੋਂ ਕਰਨ ਤੇ ਜੋਰ ਦਿੱਤਾ| ਬੀਪੀਈਓ ਨੂੰ ਉਹਨਾਂ ਦੇ ਬਲਾਕਾਂ ਦੇ ਸਕੂਲਾਂ ਵਿਚ ਚਲ ਰਹੀਆਂ ਬੈਸਟ ਪ੍ਰੈਕਟਿਸਜ ਨੂੰ ਦੂਸਰੇ ਸਕੂਲਾਂ ਨਾਲ ਸਾਂਝੇ ਕਰਨ ਲਈ ਕਿਹਾ। 

ਮੀਟਿੰਗ ਨੂੰ ਸੰਬੋਧਨ ਕਰਦਿਆਂ ਇੰਦਰਜੀਤ ਸਿੰਘ ਡੀ. ਪੀ.ਆਈ. ਐਲੀਮੈਂਟਰੀ ਸਿੱਖਿਆ ਪੰਜਾਬ ਨੇ ਕਿਹਾ ਪ੍ਰਾਇਮਰੀ ਸਿੱਖਿਆ ਦੇ ਮਿਆਰ ਨੂੰ ਹੋਰ ਗੁਣਾਤਮਕ ਬਣਾਉਣ ਲਈ ਸਮੂਹ ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰ ਵਿਉਂਤਬੰਦੀ ਕਰਨ ਅਤੇ ਉਸ ਵਿਉਂਤਬੱਧੀ ਸੁਚਾਰੂ ਢੰਗ ਨਾਲ ਲਾਗੂ ਕਰਨ।  ਉਨ੍ਹਾਂ ਪ੍ਰੀ-ਪ੍ਰਾਇਮਰੀ ਦੇ ਸਪਲੀਮੈਂਟਰੀ ਮਟੀਰੀਅਲ ਦੀ ਬਾਖੂਬੀ ਵਰਤੋਂ, ਵਿਦਿਆਰਥੀਆਂ ਅੰਦਰ ਕਿਤਾਬਾਂ ਪੜ੍ਹਨ ਦੀ ਰੁਚੀ ਵਿਕਸਤ ਕਰਨ,

ਸਮਾਰਟ ਸਕੂਲਾਂ ਅਤੇ ਅੰਗਰੇਜ਼ੀ ਮਾਧਿਅਮ ਸਕੂਲਾਂ ਵੱਲ ਧਿਆਨ ਕੇਂਦਰਿਤ ਕਰਨ, ਸਕੂਲ ਵਿਜ਼ਟ ਦੌਰਾਨ ਸਕੂਲਾਂ ਦੇ ਅਧਿਆਪਕਾਂ ਨੂੰ ਪ੍ਰੇਰਿਤ ਕਰਨ ਬਾਰੇ ਚਰਚਾ ਕੀਤੀ। ਇਸ ਮੌਕੇ ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਵੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਸੰਬੋਧਨ ਕੀਤਾ| ਮੀਟਿੰਗ ਵਿਚ ਸਬੰਧਤ ਬਲਾਕਾਂ ਦੇ ਬਲਾਕ ਮਾਸਟਰ ਟਰੇਨਰ ਵੀ ਮੌਜੂਦ ਸਨ|