ਜਨਮਦਿਨ ਪਾਰਟੀ 'ਚ ਹੋਈ ਖ਼ੂਨੀ ਝੜਪ,ਕੀਤਾ ਦੋਸਤ ਦਾ ਕਤਲ

ਏਜੰਸੀ

ਖ਼ਬਰਾਂ, ਪੰਜਾਬ

ਸ ਕਲਾ ਦੇ ਚਿਕਨ ਕਾਰਨਰ 'ਤੇ ਚੱਲ ਰਹੀ ਜਨਮਦਿਨ ਪਾਰਟੀ ਦੌਰਾਨ ਆਈਫੋਨ ਨੂੰ ਲੈ ਕੇ ਦੋਸਤਾਂ 'ਚ ਝਗੜਾ ਹੋ ਗਿਆ।

crime

ਜਗਰਾਉਂ : ਹੰਸ ਕਲਾ ਦੇ ਚਿਕਨ ਕਾਰਨਰ 'ਤੇ ਚੱਲ ਰਹੀ ਜਨਮਦਿਨ ਪਾਰਟੀ ਦੌਰਾਨ ਆਈਫੋਨ ਨੂੰ ਲੈ ਕੇ ਦੋਸਤਾਂ 'ਚ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਇਕ ਨੌਜਵਾਨ ਨੇ ਉਸ 'ਤੇ ਚਾਕੂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿਤਾ।

ਇਸ ਘਟਨਾ 'ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੋ ਨੌਜਵਾਨ ਜ਼ਖਮੀ ਹੋ ਗਏ। ਪੁਲਿਸ ਨੇ ਇਸ ਮਾਮਲੇ ਵਿਚ ਦੋ ਮੁਲਜ਼ਮ ਨੌਜਵਾਨਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ਦੀ ਭਾਲ ਵਿਚ ਪੁਲੀਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਸਦਰ ਜਗਰਾਉਂ ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਦਾ ਜਨਮ ਦਿਨ ਸੀ।

ਉਸ ਦੇ ਦੋਸਤ ਰਣਦੀਪ ਸਿੰਘ ਵਾਸੀ ਪਿੰਡ ਪੁੱਡਣ, ਮਨਦੀਪ ਸਿੰਘ ਵਾਸੀ ਦਸ਼ਮੇਸ਼ ਨਗਰ, ਹਰਪ੍ਰੀਤ ਸਿੰਘ ਵਾਸੀ ਪਿੰਡ ਚੰਗਨਾ ਅਤੇ ਰਵਿੰਦਰ ਜੀਤ ਸਿੰਘ ਵਾਸੀ ਪੁਡੈਣ ਸਾਰੇ ਹੰਸ ਕਲਾ ਵਿਚ ਇਕੱਠੇ ਹੋਏ ਸਨ। ਸਭ ਤੋਂ ਪਹਿਲਾਂ ਸਾਰਿਆਂ ਨੇ ਮਿਲ ਕੇ ਘਰ 'ਚ ਕੇਕ ਕੱਟਿਆ। ਇਸ ਤੋਂ ਬਾਅਦ ਉਹ ਚਿਕਨ ਕਾਰਨਰ 'ਤੇ ਪਾਰਟੀ ਕਰਨ ਗਏ। ਇੱਥੇ ਬੈਠ ਕੇ ਸਾਰਿਆਂ ਨੇ ਸ਼ਰਾਬ ਪੀਤੀ।

ਮਨਦੀਪ ਨੇ ਆਪਣੇ ਸਾਰੇ ਦੋਸਤਾਂ ਨੂੰ ਆਪਣਾ ਆਈਫੋਨ ਹਰਪ੍ਰੀਤ ਨੂੰ ਦੇਣ ਬਾਰੇ ਦੱਸਿਆ। ਇਸ ਦੌਰਾਨ ਰਣਦੀਪ ਨੇ ਕਿਹਾ ਕਿ ਤੁਸੀਂ ਹਰਪ੍ਰੀਤ ਨੂੰ ਉਸ ਦੇ ਜਨਮ ਦਿਨ 'ਤੇ ਫ਼ੋਨ ਦੇਣਾ ਸੀ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀ ਆਪਸ ਵਿਚ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਮਨਦੀਪ ਅਤੇ ਹਰਪ੍ਰੀਤ ਨੇ  ਰਣਦੀਪ ਸਿੰਘ  (21) 'ਤੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿਤਾ।

ਜਦੋਂ ਰਣਦੀਪ ਦੇ ਭਰਾ ਰਵਿੰਦਰਜੀਤ ਸਿੰਘ ਅਤੇ ਲਖਵੀਰ ਸਿੰਘ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੋਵਾਂ 'ਤੇ ਵੀ ਹਮਲਾ ਕਰ ਦਿਤਾ।

ਗੰਭੀਰ ਜ਼ਖ਼ਮੀ ਰਣਦੀਪ ਨੂੰ ਉਸ ਦੇ ਭਰਾ ਨੇ ਨਿੱਜੀ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਸ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿਤਾ, ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਜਗਰਾਉਂ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਰਣਦੀਪ ਨੂੰ ਮ੍ਰਿਤਕ ਐਲਾਨ ਦਿਤਾ। ਥਾਣਾ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਰਣਦੀਪ ਦੇ ਭਰਾ ਰਵਿੰਦਰਜੀਤ ਦੇ ਬਿਆਨਾਂ ਦੇ ਆਧਾਰ 'ਤੇ ਮਨਦੀਪ ਅਤੇ ਹਰਪ੍ਰੀਤ ਸਿੰਘ ਖਿਲਾਫ ਥਾਣਾ ਸਦਰ ਜਗਰਾਉਂ 'ਚ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।ਪੁਲਿਸ ਵਲੋਂ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।