ਪੰਜਾਬ 'ਚ ਸਰਕਾਰੀ ਤੇ ਨਿੱਜੀ ਨੌਕਰੀਆਂ ਲਈ ਤੈਅ ਹੋਵੇਗਾ ਕੋਟਾ, ਸੀਐੱਮ ਨੇ ਦਿੱਤਾ ਸੰਕੇਤ 

ਏਜੰਸੀ

ਖ਼ਬਰਾਂ, ਪੰਜਾਬ

100 ਫ਼ੀਸਦ ਰਾਖਵਾਂਕਰਨ ਯਕੀਨੀ ਬਣਾਉਣ ਲਈ ਇਕ ਕਾਨੂੰਨ ਲੈ ਕੇ ਆਉਣਗੇ CM Channi

Charanjeet Channi

 

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪੰਜਾਬੀਆਂ ਲਈ ਇਕ ਹੋਰ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਇਕ ਇੰਟਰਵਿਊ ਵਿਚ ਇਹ ਸੰਕੇਤ ਦਿੱਤਾ ਹੈ ਕਿ ਹਰਿਆਣਾ ਦੀ ਤਰਜ਼ 'ਤੇ ਪੰਜਾਬ 'ਚ ਵੀ ਪੰਜਾਬੀਆਂ ਨੂੰ ਰੁਜ਼ਗਾਰ ਲਈ ਪਹਿਲ ਦਿੱਤੀ ਜਾਵੇਗੀ। ਚਰਨਜੀਤ ਚੰਨੀ ਨੇ ਕਿਹਾ ਕਿ ਉਹ ਜਲਦ ਹੀ ਸਰਕਾਰੀ ਤੇ ਨਿੱਜੀ ਖੇਤਰ ਦੀਆਂ ਨੌਕਰੀਆਂ 'ਚ ਸਥਾਨਕ ਲੋਕਾਂ ਲਈ ਲਗਪਗ 100 ਫ਼ੀਸਦ ਰਾਖਵਾਂਕਰਨ ਯਕੀਨੀ ਬਣਾਉਣ ਲਈ ਇਕ ਕਾਨੂੰਨ ਲੈ ਕੇ ਆਉਣਗੇ।

ਚੰਨੀ ਨੇ ਕਿਹਾ ਕਿ ਉਹ ਪੰਜਾਬੀਆਂ ਲਈ ਨੌਕਰੀ ਦੇ ਅਵਸਰਾਂ 'ਤੇ ਕਾਨੂੰਨੀ ਟੀਮ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ। ਅਕਸਰ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਇੱਥੋਂ ਤੱਕ ਕਿ ਦਿੱਲੀ ਦੇ ਉਮੀਦਵਾਰਾਂ ਨੂੰ ਸਥਾਨਕ ਲੋਕਾਂ ਦੀ ਜਗ੍ਹਾ 'ਤੇ ਨੌਕਰੀ ਦਿੱਤੀ ਜਾਂਦੀ ਹੈ ਪਰ ਹੁਣ ਸਥਾਨਕ ਲੋਕਾਂ ਲਈ ਲਗਪਗ 100 ਫ਼ੀਸਦੀ ਰਾਖਵਾਂਕਰਨ ਯਕੀਨੀ ਬਣਾਉਣ ਲਈ ਇਕ ਕਾਨੂੰਨ ਲਿਆਂਦਾ ਜਾਵੇਗਾ। 

ਉਹਨਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੋਮਗਾਰਡ ਦੀਆਂ 5,000 ਪੋਸਟਾਂ ਸਮੇਤ ਇਕ ਲੱਖ ਅਸਾਮੀਆਂ ਭਰਨ ਦੀ ਹੋਵੇਗੀ। ਹੁਨਰਮੰਦ ਤੇ ਅਣਟਰੇਂਡ ਕਾਰਜਬਲ ਦੇ ਘੱਟੋ-ਘੱਟ ਤਨਖ਼ਾਹ 'ਚ ਵੀ ਵਾਧਾ ਕੀਤਾ ਗਿਆ ਹੈ। ਦੱਸ ਦਈਏ ਕਿ ਮੁੱਖ ਮੰਤਰੀ ਚੰਨੀ ਨੇ ਕਾਂਗਰਸ ਦੇ ਸੱਤਾ 'ਚ ਬਣੇ ਰਹਿਣ 'ਤੇ ਰੇਤ ਮਾਫ਼ੀਆ 'ਤੇ ਲਗਾਮ ਲਾਉਣ ਲਈ ਸਰਕਾਰ ਦੀ ਨਿਗਰਾਨੀ 'ਚ ਇਕ ਨਿਗਮ ਸਥਾਪਿਤ ਕਰਨ ਦੇ ਵੀ ਸੰਕੇਤ ਦਿੱਤੇ।

ਉਨ੍ਹਾਂ ਨੇ ਕਿਹਾ ਕਿ ਅਸੀਂ 4 ਵਾਰ ਦਰਾਂ ਘਟਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਦੇ ਡੀ. ਸੀਜ਼ ਅਤੇ ਐੱਸ. ਐੱਸ. ਪੀਜ਼ ਨੂੰ ਸਰਕਾਰ ਵੱਲੋਂ ਤੈਅ ਕੀਤੀਆਂ ਗਈਆਂ ਦਰਾਂ ਨੂੰ ਲਾਗੂ ਕਰਨ ਲਈ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਅਰਥ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀ ਹਨ। ਉਨ੍ਹਾਂ ਕਿਹਾ ਕਿ ਉਹ ਨਾ ਸਿਰਫ ਸਰਕਾਰੀ ਖ਼ਰਚੇ 'ਚ ਕਟੌਤੀ ਕਰਨਗੇ, ਸਗੋਂ ਟੈਕਸ ਚੋਰੀ ਨੂੰ ਵੀ ਰੋਕਣਗੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਤੋਂ ਪਹਿਲਾਂ ਵੀ ਕਈ ਵੱਡੇ ਐਲਾਨ ਕਰ ਚੁੱਕੇ ਹਨ।