ਚਾਈਨਾ ਡੋਰ ਦੀ ਲਪੇਟ 'ਚ ਆਉਣ ਨਾਲ ਬੱਚੇ ਦੀ ਮੌਤ ਮਗਰੋਂ ਪ੍ਰਸ਼ਾਸਨ ਸਖ਼ਤ, ਕਈ ਦੁਕਾਨਾਂ 'ਤੇ ਛਾਪੇਮਾਰੀ
ਜਿਹਡ਼ਾ ਦੁਕਾਨਦਾਰ ਚਾਈਨਾ ਡੋਰ ਰੱਖਦਾ ਜਾਂ ਵੇਚਦਾ ਫੜਿਆ ਗਿਆ ਉਸ ਵਿਰੁੱਧ ਹੋਵੇਗੀ ਸਖਤ ਕਾਰਵਾਈ: ਐੱਸਡੀਐੱਮ ਮੋਰਿੰਡਾ
ਮੋਰਿੰਡਾ (ਮਨਜੀਤ ਧੀਮਾਨ) : ਰੋਪੜ ਵਿਖੇ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਇਕ ਬੱਚੇ ਦੀ ਹੋਈ ਮੌਤ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਸਖ਼ਤ ਹੋ ਗਿਆ ਹੈ। ਜਿਸ ਦੇ ਚੱਲਦਿਆਂ ਐੱਸਡੀਐੱਮ ਮੋਰਿੰਡਾ ਅਮਰੀਕ ਸਿੰਘ ਸਿੱਧੂ ਵੱਲੋਂ ਕਾਰਜ ਸਾਧਕ ਅਫਸਰ ਮਨਪ੍ਰੀਤ ਸਿੰਘ ਅਤੇ ਐਸ.ਐਚ.ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਨਾਲ ਭਾਰੀ ਫੋਰਸ ਸਮੇਤ ਸ਼ਹਿਰ ਵਿਚ ਸ਼ੱਕੀ ਥਾਵਾਂ ਤੇ ਦੁਕਾਨਾਂ ਦੀ ਚੈਕਿੰਗ ਕੀਤੀ ਗਈ।
ਇਸ ਮੌਕੇ ਐਸਡੀਐਮ ਅਮਰੀਕ ਸਿੰਘ ਸਿੱਧੂ ਨੇ ਕਿਹਾ ਕਿ ਚਾਈਨਾ ਡੋਰ ਮਨੁੱਖੀ ਜ਼ਿੰਦਗੀ ਅਤੇ ਪੰਛੀਆਂ ਆਦਿ ਲਈ ਘਾਤਕ ਸਿੱਧ ਹੋ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਦੀ ਸਟੋਰੇਜ, ਵਿਕਰੀ ਅਤੇ ਵਰਤੋਂ ਉੱਤੇ ਸਖ਼ਤ ਪਾਬੰਦੀ ਲਗਾਈ ਗਈ ਹੈ। ਇਸ ਮੌਕੇ 'ਤੇ ਉਨ੍ਹਾਂ ਦੁਕਾਨਦਾਰਾਂ ਨੂੰ ਡ੍ਰੈਗਨ ਡੋਰ ਸਟਾਕ ਨਾ ਕਰਨ ਅਤੇ ਨਾ ਵੇਚਣ ਲਈ ਜਾਗਰੂਕ ਵੀ ਕੀਤਾ। ਉਨ੍ਹਾਂ ਲੋਕਾਂ ਨੂੰ ਵੀ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਕਿਹਾ ਕਿ ਜਿਹਡ਼ਾ ਦੁਕਾਨਦਾਰ ਚਾਈਨਾ ਡੋਰ ਰੱਖਦਾ ਜਾਂ ਵੇਚਦਾ ਫੜਿਆ ਗਿਆ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।