ਸਰਹੱਦ ਪਾਰੋਂ ਆਏ ਡ੍ਰੋਨ ’ਤੇ BSF ਨੇ ਕੀਤੀ ਫਾਇਰਿੰਗ
ਸਰਹੱਦ ’ਤੇ ਸੁਰੱਖਿਆ ਬਲ ਦੇ ਜਵਾਨ ਪੂਰੀ ਤਰ੍ਹਾਂ ਨਾਲ ਸਰਗਰਮ ਹਨ ਅਤੇ ਪਾਕਿਸਤਾਨ ਦੀ ਡ੍ਰੋਨ ਨੀਤੀ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਮਜ਼ਬੂਤ ਤੇ ਚੌਕਸ ਹਨ
ਗੁਰਦਾਸਪੁਰ- ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਨਹੀਂ ਰੁਕ ਰਹੀਆਂ। ਸਰਹੱਦ ਉੱਤੇ ਭੇਜੇ ਡ੍ਰੋਨ ਨੂੰ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਜਵਾਨਾਂ ਨੇ ਤੇਜ਼ ਰੌਸ਼ਨੀ ਅਤੇ 10 ਰਾਊਂਡ ਫਾਇਰ ਕਰ ਕੇ ਵਾਪਸ ਪਾਕਿਸਤਾਨ ਵੱਲ ਭੇਜ ਦਿੱਤਾ।
ਡੀ. ਆਈ. ਜੀ. ਪ੍ਰਭਾਕਰ ਜੋਸ਼ੀ ਨੇ ਜਾਣਕਾਰੀ ਦਿੱਤੀ ਕਿ ਗੁਰਦਾਸਪੁਰ ਸੈਕਟਰ ਅਧੀਨ ਆਉਂਦੀ ਨਿਊ ਟੈਂਟ ਪੋਸਟ ਬੀ. ਓ. ਪੀ. ਕੋਲ ਬੀਤੀ ਦੇਰ ਸ਼ਾਮ ਇਕ ਡ੍ਰੋਨ ਦੀ ਆਵਾਜ਼ ਸੁਣਾਈ ਦਿੱਤੀ, ਜਿਸ ’ਤੇ ਡਿਊਟੀ ’ਤੇ ਤਾਇਨਾਤ 121 ਬਟਾਲੀਅਨ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਪਹਿਲਾਂ ਤਾਂ ਡ੍ਰੋਨ ’ਤੇ 10 ਰਾਊਂਡ ਫਾਇਰ ਕੀਤੇ ਅਤੇ ਬਾਅਦ ’ਚ ਤੇਜ਼ ਰੌਸ਼ਨੀ ਮਾਰੀ, ਜਿਸ ਕਾਰਨ ਡ੍ਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਸਰਹੱਦ ’ਤੇ ਸੁਰੱਖਿਆ ਬਲ ਦੇ ਜਵਾਨ ਪੂਰੀ ਤਰ੍ਹਾਂ ਨਾਲ ਸਰਗਰਮ ਹਨ ਅਤੇ ਪਾਕਿਸਤਾਨ ਦੀ ਡ੍ਰੋਨ ਨੀਤੀ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਮਜ਼ਬੂਤ ਤੇ ਚੌਕਸ ਹਨ। ਉਨ੍ਹਾਂ ਕਿਹਾ ਕਿ ਡ੍ਰੋਨ ਦੇ ਵਾਪਸ ਚਲੇ ਜਾਣ ਤੋਂ ਬਾਅਦ ਇਲਾਕੇ ’ਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ।
ਦੱਸ ਦੇਈਏ ਕਿ ਪੰਜਾਬ ਵਿੱਚ ਡਰੋਨ ਆਉਣ ਦੀਆਂ ਘਟਨਾਵਾਂ ਦਿਨੋ-ਦਿਨ ਵੱਧਦੀਆਂ ਹੀ ਜਾ ਰਹੀਆ ਹਨ। ਉਧਰ ਬੀਐਸਐਫ ਵੱਲੋਂ ਪਾਕਿ ਦੀਆਂ ਨਾਪਾਕ ਹਰਕਤਾਂ ਨੂੰ ਹਮੇਸ਼ਾ ਨਾਕਾਮ ਕੀਤਾ ਜਾਂਦਾ ਹੈ।