ਮੁਹਾਲੀ : ਵੱਖ-ਵੱਖ ਥਾਵਾਂ 'ਤੇ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ,71 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

16 ਵਹੀਕਲ ਮੋਟਰ-ਵਹੀਕਲ ਐਕਟ ਤਹਿਤ ਬੰਦ ਕੀਤੇ ਗਏ, 1 ਮੁਕੱਦਮਾ ਐਨ.ਡੀ.ਪੀ.ਐਸ.ਐਕਟ ਤਹਿਤ ਕੀਤਾ ਗਿਆ ਦਰਜ : ਡਾ. ਸੰਦੀਪ ਗਰਗ

Mohali: Police conducted a search operation at different places,

ਐਸ.ਏ.ਐਸ. ਨਗਰ: ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ.ਨਗਰ ਵੱਲੋਂ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਡੀ.ਜੀ.ਪੀ., ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਭੈੜੇ /ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਕਰਨ ਲਈ ਈਸ਼ਵਰ ਸਿੰਘ, ਆਈ.ਪੀ.ਐਸ, ਏ.ਡੀ.ਜੀ.ਪੀ., ਐਚ.ਆਰ.ਡੀ. ਅਤੇ ਵੈਲਵੇਅਰ, ਪੰਜਾਬ, ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਡੀ.ਆਈ.ਜੀ. ਰੂਪਨਗਰ ਰੇਂਜ,ਰੂਪਨਗਰ ਅਤੇ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਗਜ਼ਟਿਡ ਪੁਲਿਸ ਅਫਸਰਾਂ ਦੀ ਨਿਗਰਾਨੀ ਵਿੱਚ ਵੱਖ-ਵੱਖ ਥਾਵਾਂ ਤੇ ਕਾਰਡਨ ਅਤੇ ਸਰਚ-ਅਪਰੇਸ਼ਨ ਚਲਾਇਆ ਗਿਆ, ਸਰਚ ਅਪਰੇਸ਼ਨ ਦੌਰਾਨ ਜੀ.ਪੀ.ਬੀ, ਨਗੋਲੀਆ ਸੋਸਾਇਟੀ ਖਰੜ, ਟੀ.ਡੀ.ਆਈ. ਕਲੋਨੀ ਸੈਕਟਰ 117 ਖਰੜ, ਪਿੰਡ ਸੋਹਾਣਾ, ਬੈਸਟੈੱਕ ਮਾਲ ਫੇਸ-11 ਮੋਹਾਲੀ, ਜੀਰਕਪੁਰ ਅਤੇ ਡੇਰਾਬਸੀ ਇਲਾਕੇ ਵਿੱਚ ਸੋਸਾਇਟੀਆਂ, ਮਾਲਜ਼ ਅਤੇ ਕਲੋਨੀਆਂ ਆਦਿ ਦੀ ਸਰਚ ਕੀਤੀ ਗਈ।

ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਸਰਚ ਅਪਰੇਸ਼ਨ ਦੌਰਾਨ ਵੱਖ-ਵੱਖ ਕਲੋਨੀਆਂ ਦੀ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ ਫੇਸ-11 ਮੋਹਾਲੀ ਵਿਖੇ ਬੈਸਟੈਕ ਮਾਲ  ਦੀ ਐਂਟੀਸਾਬੋਤਾਜ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਕਈ ਪੀ.ਜੀ./ਫਲੈਟਾਂ ਦੇ ਮਾਲਕਾਂ ਵੱਲੋਂ ਕਿਰਾਏਦਾਰਾਂ ਬਾਰੇ ਸਬੰਧਤ ਥਾਣਿਆਂ ਵਿੱਚ ਸੂਚਨਾ ਨਹੀਂ ਦਿੱਤੀ ਗਈ ਸੀ, ਜਿਸ ਕਰਕੇ 5 ਪੀ.ਜੀ. ਮਾਲਕਾਂ ਵਿਰੁੱਧ ਅ/ਧ 188 ਹਿੰ:ਦੰ: ਤਹਿਤ ਮੁਕੱਦਮੇ ਦਰਜ ਕੀਤੇ ਗਏ, 71 ਸ਼ੱਕੀ ਵਿਅਕਤੀਆਂ ਨੂੰ ਰਾਉਂਡ-ਅੱਪ ਕੀਤਾ ਗਿਆ, 16 ਵਹੀਕਲ ਮੋਟਰ-ਵਹੀਕਲ ਐਕਟ ਤਹਿਤ ਬੰਦ ਕੀਤੇ ਗਏ, 01 ਮੁਕੱਦਮਾ ਐਨ.ਡੀ.ਪੀ.ਐਸ.ਐਕਟ ਤਹਿਤ ਦਰਜ ਕੀਤਾ ਗਿਆ, 02 ਕਲੰਦਰੇ 110 ਸੀ.ਆਰ.ਪੀ.ਸੀ. ਤਹਿਤ ਦਿੱਤੇ ਗਏ।

ਐਸ.ਐਸ.ਪੀ. ਨੇ ਦੱਸਿਆ ਕਿ ਇਹ ਸਰਚ ਅਪਰੇਸ਼ਨ ਆਮ ਪਬਲਿਕ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਚਲਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਗਈ ਕਿ ਘਰਾਂ ਵਿੱਚ ਰੱਖੇ ਗਏ ਨੌਕਰਾਂ ਅਤੇ ਕਿਰਾਏਦਾਰਾਂ ਬਾਰੇ ਸਬੰਧਤ ਥਾਣਾ ਵਿੱਚ ਸੂਚਨਾ ਦੇ ਕੇ ਸਾਰਿਆ ਦੀ ਵੈਰੀਫਿਕੇਸ਼ਨ ਕਰਵਾਈ ਜਾਵੇ। ਇਸ ਤੋਂ ਇਲਾਵਾ ਜੇਕਰ ਕਿਸੇ ਕਲੌਨੀ/ਸੋਸਾਇਟੀ ਵਿੱਚ ਕੋਈ ਸ਼ੱਕ ਵਿਅਕਤੀ ਰਹਿਣ ਲਈ ਆਇਆ ਹੋਵੇ ਜਾਂ ਰਹਿ ਰਿਹਾ ਹੋਵੇ ਤਾਂ ਉਸ ਬਾਰੇ ਇਤਲਾਹ ਪੰਜਾਬ ਪੁਲਿਸ ਦੇ ਹੈਲਪ ਲਾਈਨ ਨੰਬਰ 112, 181 ਪਰ ਜਾਂ ਉਨ੍ਹਾਂ ਦੇ ਨਿੱਜੀ ਵੱਟਸਐਪ ਨੰਬਰ 80541-00112 ਤੇ ਸੂਚਨਾ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਵੇਗਾ।