Punjab News: ਮਹਿਜ 8 ਹਜ਼ਾਰ ਦੇ ਕਰਜ਼ੇ ਵਜੋਂ ਸਲਫ਼ਾਸ ਖਾ ਕੇ ਕੀਤੀ ਜੀਵਨ ਲੀਲਾ ਸਮਾਪਤ 

ਏਜੰਸੀ

ਖ਼ਬਰਾਂ, ਪੰਜਾਬ

'ਫਾਈਨੈਂਸਰ ਵੱਲੋਂ ਵਾਰ-ਵਾਰ ਜ਼ਲੀਲ ਕਰਨ ਤੋਂ ਪਰੇਸ਼ਾਨ ਹੋ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ'

Raj Kumar

Gurdaspur: ਦੀਨਾਨਗਰ ਦੇ ਪਿੰਡ ਅਨੰਦਪੁਰ ’ਚ ਇੱਕ ਵਿਅਕਤੀ ਨੇ ਫਾਈਨੈਂਸਰ ਵੱਲੋਂ ਵਾਰ ਵਾਰ ਜ਼ਲੀਲ ਕਰਨ ਤੋਂ ਪਰੇਸ਼ਾਨ ਹੋ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਰਾਜ ਕੁਮਾਰ (45) ਪੁੱਤਰ ਸੰਤੋਖ ਰਾਜ ਵਾਸੀ ਅਨੰਦਪੁਰ ਵਜੋਂ ਹੋਈ ਹੈ। ਪੁਲਿਸ ਨੇ ਉਸਦੇ ਭਰਾ ਵਿਜੇ ਕੁਮਾਰ ਦੇ ਬਿਆਨਾਂ ’ਤੇ ਫਾਈਨੈਂਸਰ ਹਰਦੀਪ ਸਿੰਘ ਉਰਫ਼ ਕਾਲਾ ਪੁੱਤਰ ਜਰਨੈਲ ਸਿੰਘ ਵਾਸੀ ਹਰੀਜਨ ਕਾਲੌਨੀ ਦੀਨਾਨਗਰ ਦੇ ਖ਼ਿਲਾਫ਼ ਧਾਰਾ 306 ਅਧੀਨ ਮਾਮਲਾ ਦਰਜ ਕੀਤਾ ਹੈ।

ਮ੍ਰਿਤਕ ਦੇ ਭਰਾ ਵਿਜੇ ਕੁਮਾਰ ਅਨੁਸਾਰ ਰਾਜ ਕੁਮਾਰ ਉਰਫ਼ ਰਾਜੂ ਨੇ ਉਕਤ ਫਾਈਨੈਂਸਰ ਕੋਲੋਂ 8 ਹਜ਼ਾਰ ਰੁਪਏ ਵਿਆਜ਼ ’ਤੇ ਲਏ ਸਨ, ਜਿਸਨੂੰ ਵਾਪਸ ਦੇਣ ਲਈ ਫਾਈਨੈਂਸਰ ਉਸ ’ਤੇ ਦਬਾਅ ਪਾ ਰਿਹਾ ਸੀ। ਵਿਜੇ ਕੁਮਾਰ ਅਨੁਸਾਰ ਸੋਮਵਾਰ ਸਵੇਰੇ ਫਾਈਨੈਂਸਰ ਰਾਜੂ ਦੇ ਘਰ ਆਇਆ ਅਤੇ ਉਸਨੂੰ ਦਬਕੇ ਮਾਰਦਾ ਹੋਇਆ ਸ਼ਾਮ ਤੱਕ ਸਾਰੇ ਪੈਸੇ ਵਾਪਸ ਮੰਗਣ ਲੱਗਾ ਅਤੇ ਇਹ ਧਮਕੀ ਵੀ ਦਿੱਤੀ ਕਿ ਪੈਸੇ ਨਾ ਦੇਣ ’ਤੇ ਉਸਦੇ ਘਰ ਨੂੰ ਜਿੰਦਰਾ ਮਾਰ ਦਵੇਗਾ। ਮ੍ਰਿਤਕ ਦੀ ਪਤਨੀ ਨੇ ਵੀ ਇਲਜ਼ਾਮ ਲਗਾਏ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਉਸਦੇ ਪਤੀ ਨੂੰ ਲਗਾਤਾਰ ਤੰਗ ਪਰੇਸ਼ਾਨ ਕਰ ਰਿਹਾ ਸੀ ਅਤੇ ਇਸ ਫਾਈਨੈਂਸਰ ਨੇ ਉਸਦੇ ਪੇਕੇ ਘਰ ਵੀ ਪਹੁੰਚ ਕੇ ਪਰਿਵਾਰ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਸੀ।

ਸੋਮਵਾਰ ਵਾਲੇ ਦਿਨ ਜਦੋਂ ਫਾਈਨੈਂਸਰ ਨੇ ਹੱਦੋਂ ਵੱਧ  ਜ਼ਲੀਲ ਕੀਤਾ ਤਾਂ ਉਸਨੇ ਸਲਫ਼ਾਸ ਦੀਆਂ ਗੋਲੀਆਂ ਖਾ ਲਈਆਂ ਅਤੇ ਨਾਲ ਰਹਿੰਦੇ ਆਪਣੇ ਭਰਾਵਾਂ ਨੂੰ ਦੱਸਿਆ ਕਿ ਉਸਨੇ ਫਾਈਨੈਂਸਰ ਹਰਦੀਪ ਸਿੰਘ ਉਰਫ਼ ਕਾਲਾ ਤੋਂ ਦੁੱਖੀ ਹੋ ਕੇ ਇਹ ਕਦਮ ਚੁੱਕਿਆ ਹੈ। ਪਰਿਵਾਰ ਵੱਲੋਂ ਉਸਨੂੰ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਅਤੇ ਫਿਰ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਜਿੱਥੋਂ ਜਵਾਬ ਮਿਲਣ ’ਤੇ ਉਸਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਲੈ ਕੇ ਗਏ ਪਰ ਉੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਇੱਕ ਰਿਸ਼ਤੇਦਾਰ ਵੱਲੋਂ ਉਸਦੀ ਵੀਡੀਓ ਵੀ ਬਣਾਈ ਗਈ। ਜਿਸ ਵਿਚ ਉਹ ਆਪਣੀ ਮੌਤ ਦੇ ਲਈ ਉਕਤ ਫਾਈਨੈਂਸਰ ਨੂੰ ਹੀ ਕਸੂਰਵਾਰ ਠਹਿਰਾ ਰਿਹਾ ਹੈ। ਮੰਗਲਵਾਰ ਨੂੰ ਪੁਲਿਸ ਨੇ ਪਰਿਵਾਰ ਦੇ ਬਿਆਨਾਂ ’ਤੇ ਫਾਈਨੈਂਸਰ ਖ਼ਿਲਾਫ ਪਰਚਾ ਦਰਜ ਕਰ ਦਿੱਤਾ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਪ ਦਿੱਤੀ ਗਈ।

ਇਸ ਦੌਰਾਨ ਪਰਿਵਾਰ ਨੇ ਆਰੋਪੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਅਤੇ ਨਾਲ ਹੀ ਇਹ ਮੰਗ ਵੀ ਰੱਖੀ ਕਿ ਲੋਕਾਂ ਨੂੰ ਵਿਆਜ ’ਤੇ ਪੈਸੇ ਦੇਣ ਵਾਲੇ ਹਰਦੀਪ ਸਿੰਘ ਉਰਫ਼ ਕਾਲਾ ਦਾ ਲਾਈਸੈਂਸ ਚੈੱਕ ਕੀਤਾ ਜਾਵੇ ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਇਹ ਵਿਅਕਤੀ ਬਿਨ੍ਹਾਂ ਕਿਸੇ ਪਰਮਿਸ਼ਨ ਦੇ ਇਹ ਧੰਦਾ ਚਲਾ ਰਿਹਾ ਹੈ। ਇਸ ਦੌਰਾਨ ਕੁਝ ਹੋਰਨਾਂ ਲੋਕਾਂ ਨੇ ਵੀ ਦਸਤਾਵੇਜ਼ ਪੇਸ਼ ਕਰਦਿਆਂ ਉਕਤ ਫਾਈਨੈਂਸਰ ’ਤੇ ਲਗਾਤਾਰ ਵਿਆਜ ਵਿਚ ਵਾਧਾ ਕਰਨ ਅਤੇ ਉਨ੍ਹਾਂ ਨੂੰ ਧਮਕੀਆਂ ਦੇ ਕੇ ਉਨ੍ਹਾਂ ਦਾ ਕੀਮਤੀ ਸਮਾਨ ਜ਼ਬਤ ਕਰਨ ਦੇ ਇਲਜ਼ਾਮ ਲਗਾਏ ਹਨ। ਇਨ੍ਹਾਂ ਲੋਕਾਂ ਨੇ ਵੱਖਰੇ ਤੌਰ ’ਤੇ ਐਸਐਸਪੀ ਗੁਰਦਾਸਪੁਰ ਨੂੰ ਮਿਲ ਕੇ ਪ੍ਰੈਸ ਕਾਨਫ਼ਰੰਸ ਕਰਨ ਦਾ ਫ਼ੈਸਲਾ ਕੀਤਾ ਹੈ।

(For more news apart from A man commits suicide due to pressure from financier, stay tuned to Rozana Spokesman)