ਡੇਰਾ ਬਾਬਾ ਨਾਨਕ ਨੇੜੇ ਖੇਤਾਂ ਵਿਚੋਂ 10 ਕਿਲੋ ਹੈਰੋਇਨ ਤੇ ਅਸਲੇ ਸਣੇ ਇਕ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਅਤੇ ਬੀਐਸਐਫ ਵੱਲੋਂ ਚਲਾਇਆ ਗਿਆ ਸੀ ਸਾਂਝਾ ਸਰਚ ਅਭਿਆਨ

One arrested with 10 kg heroin and weapons from fields near Dera Baba Nanak

ਬਟਾਲਾ: ਪੁਲਿਸ ਵਲੋਂ ਬੀਐਸਐਫ ਦੇ ਨਾਲ ਚਲਾਏ ਸਾਂਝੇ ਸਰਚ ਅਭਿਆਨ ਦੌਰਾਨ ਡੇਰਾ ਬਾਬਾ ਨਾਨਕ ਨਜ਼ਦੀਕ ਖੇਤਾਂ ਵਿਚੋਂ 10 ਕਿਲੋ ਹੈਰੋਇਨ ਤੇ ਅਸਲੇ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਕਰਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਭੱਲਾ ਕਲੋਨੀ ਅੰਮ੍ਰਿਤਸਰ ਵਜੋਂ ਹੋਈ ਹੈ।

ਇਸ ਸੰਬੰਧੀ ਡੇਰਾ ਬਾਬਾ ਨਾਨਕ ਦੇ ਡੀਐਸਪੀ ਜੋਗਾ ਸਿੰਘ ਨੇ ਕਿਹਾ ਕਿ ਪੁਲਿਸ ਅਤੇ ਬੀਐਸਐਫ ਦੀ 113 ਬਟਾਲੀਅਨ ਵਲੋਂ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਪੱਖੋਕੇ ਨੇੜੇ ਸਰਚ ਆਪ੍ਰੇਸ਼ਨ ਚਲਾਇਆ ਸੀ, ਜਿਸ ਦੌਰਾਨ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ੱਕ ਦੌਰਾਨ ਉਕਤ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇਕ ਪਿਸਤੌਲ ਸਮੇਤ ਮੈਗਜ਼ੀਨ ਅਤੇ ਇਕ ਜ਼ਿੰਦਾ ਰੋਂਦ, ਇਕ ਮੋਬਾਇਲ ਫੋਨ, 4210 ਰੁਪਏ ਭਾਰਤੀ ਕਰੰਸੀ ਡਰੱਗ ਮਨੀ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੀ ਨਿਸ਼ਾਨਦੇਹੀ 'ਤੇ ਖੇਤਾਂ ਵਿਚ ਸਰਚ ਕਰਨ 'ਤੇ 10 ਕਿਲੋ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਖੇਪ ਉਕਤ ਵਿਅਕਤੀ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਸੀ।