ਪੰਜਾਬ ਸਰਕਾਰ ਵੱਲੋਂ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਸਮਾਗਮਾਂ ਦਾ ਵਿਸਥਾਰਤ ਪ੍ਰੋਗਰਾਮ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਅਤੇ 25 ਨਵੰਬਰ ਨੂੰ ਹੋਵੇਗੀ ਸੰਪੂਰਨਤਾ

Punjab Government releases detailed programme of events to be held at Sri Anandpur Sahib from November 23 to 25

ਚੰਡੀਗੜ੍ਹ : ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 23, 24 ਅਤੇ 25 ਨਵੰਬਰ ਨੂੰ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦਾ ਵਿਸਥਾਰਤ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਇਨ੍ਹਾਂ ਸਮਾਗਮਾਂ ਦੀ ਕਾਮਯਾਬੀ ਅਤੇ ਵਿਉਂਤਬੰਦੀ ਲਈ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਸੂਬਾ ਸਰਕਾਰ ਨੇ ਨੋਡਲ ਵਿਭਾਗ ਨਿਯੁਕਤ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਸਮਾਗਮਾਂ ਦੀ ਸ਼ੁਰੂਆਤ 23 ਨਵੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਹੋਵੇਗੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਹਾਜ਼ਰ ਰਹਿਣਗੇ। ਦੁਪਿਹਰ 12 ਵਜੇ ਤੋਂ ਬਾਬਾ ਬੁੱਢਾ ਦਲ ਛਾਉਣੀ ਦੇ ਮੁੱਖ ਪੰਡਾਲ ਵਿਖੇ ਸਰਬ ਧਰਮ ਸੰਮੇਲਨ ਕਰਵਾਇਆ ਜਾਵੇਗਾ। ਸ਼ਾਮੀ 5 ਵਜੇ ਵਿਰਾਸਤ-ਏ-ਖਾਲਸਾ ਵਿਖੇ ਡਰੋਨ ਸ਼ੋਅ ਹੋਵੇਗਾ ਅਤੇ 6 ਵਜੇ ਮੁੱਖ ਪੰਡਾਲ ਵਿੱਚ ਕਥਾ ਅਤੇ ਕੀਰਤਨ ਦਰਬਾਰ ਹੋਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ 24 ਨਵੰਬਰ ਸਵੇਰੇ 8 ਵਜੇ ਸੀਸ ਭੇਟ ਨਗਰ ਕੀਰਤਨ ਕੀਰਤਪੁਰ ਸਾਹਿਬ ਤੋਂ ਆਰੰਭ ਹੋਵੇਗਾ, ਜੋ ਭਾਈ ਜੈਤਾ ਜੀ ਸਮਾਰਕ ਤੱਕ ਜਾਵੇਗਾ। ਸੌਂਦ ਨੇ ਦੱਸਿਆ ਕਿ ਦੁਪਹਿਰ 1 ਵਜੇ ਤੋਂ ਭਾਈ ਜੈਤਾ ਜੀ ਮੈਮੋਰੀਅਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਪੰਜਾਬ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋਵੇਗਾ। ਪੂਰੇ ਦਿਨ ਵੱਖ-ਵੱਖ ਧਾਰਮਿਕ ਸਮਾਗਮਾਂ ਤੋਂ ਇਲਾਵਾ ਸ਼ਾਮੀ 5 ਤੇ 6 ਵਜੇ ਡਰੋਨ ਸ਼ੋਅ ਅਤੇ ਕਥਾ ਤੇ ਕੀਰਤਨ ਦਰਬਾਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ 25 ਨਵੰਬਰ ਸਵੇਰੇ 10 ਵਜੇ ਬਾਬਾ ਬੁੱਢਾ ਦਲ ਛਾਉਣੀ ਦੇ ਮੁੱਖ ਪੰਡਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸੰਪੂਰਨ ਹੋਣਗੇ, ਜਿਸ ਦੌਰਾਨ ਮੁੱਖ ਮੰਤਰੀ ਪੰਜਾਬ ਵੀ ਸੰਗਤ ਸਮੇਤ ਹਾਜ਼ਰ ਰਹਿਣਗੇ। ਦੁਪਹਿਰ 12 ਵਜੇ ਤੋਂ ਮੁੱਖ ਪੰਡਾਲ ਵਿਖੇ ਸਰਬੱਤ ਦਾ ਭਲਾ ਇਕੱਤਰਤਾ ਹੋਵੇਗੀ ਜਿਸ ਵਿੱਚ ਉੱਘੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਹਿੱਸਾ ਲੈਣਗੀਆਂ। ਸ਼ਾਮ 5 ਵਜੇ ਡਰੋਨ ਸ਼ੋਅ ਨਾਲ ਤਿੰਨਾਂ ਦਿਨਾਂ ਦੇ ਮਹਾਨ ਸਮਾਗਮਾਂ ਦੀ ਸਮਾਪਤੀ ਹੋਵੇਗੀ।