ਸਾਧੂ ਸਿੰਘ ਧਰਮਸੋਤ ਨੇ ਕੀਤਾ ਹਰੀਕੇ ਝੀਲ ਅਤੇ ਜੰਗਲੀ ਜੀਵ ਸੈਂਚਰੀ ਦਾ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਹਰੀਕੇ ਜੰਗਲੀ ਜੀਵ ਸੈਂਚਰੀ ਨੂੰ ਮੁੜ ਤੋਂ ਸੈਲਾਨੀਆਂ ਲਈ ਖੋਲ੍ਹ ਦਿਤਾ ਗਿਆ ਹੈ।

Harike Wildlife Sanctuary open for visitors again, announces Forest Minister Sadhu Singh Dharmsot

ਚੰਡੀਗੜ੍ਹ - ਹਰੀਕੇ ਜੰਗਲੀ ਜੀਵ ਸੈਂਚਰੀ ਵਿਖੇ ਹੁਣ ਮੁੜ ਤੋਂ ਸੈਲਾਨੀ ਵਿਜ਼ਟ ਕਰ ਸਕਦੇ ਹਨ। ਇਹ ਜਾਣਕਾਰੀ ਪੰਜਾਬ ਦੇ ਜੰਗਲਾਤ, ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਹਰੀਕੇ ਪਤਨ ਵਿਖੇ ਸਥਿਤ ਹਰੀਕੇ ਜੰਗਲੀ ਜੀਵ ਸੈਂਚਰੀ ਦਾ ਦੌਰਾ ਕਰਨ ਦੌਰਾਨ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਨੇਚਰ ਫੋਟੋਗ੍ਰਾਫਰ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤੇ ਹਰੀਕੇ ਵੈਟਲੈਂਡ ਦੀ ਕੁਦਰਤੀ ਦਿੱਖ ਨੂੰ ਦਰਸਾਉਂਦੇ ਪੋਰਟਰੇਟ ਵੀ ਲਾਂਚ ਕੀਤੇ। ਉਨ੍ਹਾਂ ਨਾਲ ਵਿਧਾਇਕ ਪੱਟੀ ਹਰਮਿੰਦਰ ਸਿੰਘ ਗਿੱਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

ਕੈਬਨਿਟ ਮੰਤਰੀ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਹਰੀਕੇ ਜੰਗਲੀ ਜੀਵ ਸੈਂਚਰੀ ਨੂੰ ਮੁੜ ਤੋਂ ਸੈਲਾਨੀਆਂ ਲਈ ਖੋਲ੍ਹ ਦਿਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਵਿਡ19 ਦੌਰਾਨ ਇਹਤਿਆਤ ਦੇ ਤੌਰ 'ਤੇ ਸੈਂਚਰੀ ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹਰੀਕੇ ਜੰਗਲੀ ਜੀਵ ਸੈਂਚਰੀ ਸ਼ੁਰੂ ਤੋਂ ਹੀ ਸੈਲਾਨੀਆ ਲਈ ਖਿੱਚ ਦਾ ਕੇਂਦਰ ਤਾਂ ਰਹੀ ਹੈ ਇਸ ਦੇ ਨਾਲ ਹੀ ਪ੍ਰਵਾਸੀ ਪੰਛੀਆਂ ਲਈ ਵੀ ਰਹਿਣ ਬਸੇਰਾ ਬਣੀ ਹੋਈ ਹੈ।

ਉਨ੍ਹਾਂ ਦੱਸਿਆ ਕਿ ਹਰ ਸਾਲ ਇੱਥੇ ਵੱਡੀ ਗਿਣਤੀ ਵਿਚ ਪ੍ਰਵਾਸੀ ਪੰਛੀ ਦੂਜੇ ਦੇਸ਼ਾਂ ਤੋਂ ਆਉਂਦੇ ਹਨ ਅਤੇ ਹੁਣ ਤੱਕ ਕਰੀਬ 50 ਹਜ਼ਾਰ ਤੋਂ ਵੱਧ ਪ੍ਰਵਾਸੀ ਪੰਛੀ ਇੱਥੇ ਰਹਿ ਰਹੇ ਹਨ ਅਤੇ ਜਨਵਰੀ ਤੱਕ ਇਹ ਗਿਣਤੀ ਲੱਖ ਤੋਂ ਵੀ ਉੱਪਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਸੈਂਚਰੀ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਲਈ ਯਤਨ ਕਰ ਰਹੀ ਹੈ, ਇਸ ਸਬੰਧੀ ਐਸਟੀਮੇਟ ਤਿਆਰ ਕਰਨ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਪਹਿਲਾਂ ਤੋਂ ਹੀ ਨਿਰਦੇਸ਼ ਦੇ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਸੈਂਚਰੀ ਨੂੰ ਹੋਰ ਵੀ ਆਕਰਸ਼ਤ ਬਣਾਉਣ ਲਈ ਪਹਿਲਾਂ 15 ਕਰੋੜ ਰੁਪਏ ਦੀ ਰਾਸ਼ੀ ਜੋ ਕੋਵਿਡ19 ਸੰਕਟ ਕਾਰਨ ਜਾਰੀ ਨਹੀਂ ਕੀਤੀ ਜਾ ਸਕੀ ਸੀ ਇਸ ਨੂੰ ਜਲਦ ਜਾਰੀ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਇਸ ਦੌਰਾਨ ਬੇੜੀ ਵਿਚ ਸਵਾਰ ਹੋ ਕੇ ਹਰੀਕੇ ਝੀਲ ਦਾ ਵੀ ਦੌਰਾ ਕੀਤਾ ਅਤੇ ਝੀਲ ਤੇ ਪ੍ਰਵਾਸੀ ਪੰਛੀਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ।

ਉਨ੍ਹਾਂ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੰਦਿਆਂ ਕਿਹਾ ਕਿ ਸੈਂਚਰੀ ਦੀ ਬਿਹਤਰੀ ਲਈ ਆਲੇ-ਦੁਆਲੇ ਦੇ ਵਿਧਾਇਕਾਂ ਦੀ ਨਿਗਰਾਨੀ ਵਿਚ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਜਾਵੇ ਅਤੇ ਸੈਂਚਰੀ ਨੂੰ ਹੋਰ ਵਧੀਆ ਬਣਾਉਣ ਲਈ ਜੋ ਵੀ ਯੋਜਨਾਵਾ ਹਨ, ਉਸ ਨੂੰ ਇਸ ਕਮੇਟੀ ਦੀ ਸਹਿਮਤੀ ਨਾਲ ਪਾਸ ਕੀਤਾ ਜਾਵੇ। ਇਸ ਮੌਕੇ ਚੀਫ ਵਾਈਲਡ ਲਾਈਫ ਵਾਰਡਨ ਪੰਜਾਬ ਆਰ. ਕੇ ਮਿਸ਼ਰਾ, ਐੱਸ. ਡੀ. ਐੱਮ ਜ਼ੀਰਾ, ਰਣਜੀਤ ਸਿੰਘ, ਡੀ. ਐੱਫ. ਓ. ਅਮਨੀਤ ਸਿੰਘ ਹਾਜ਼ਰ ਸਨ।