ਖਰੜ ਵਾਸੀਆਂ ਨੂੰ ਮਿਲੀ ਰਾਹਤ, 4 ਸਾਲਾਂ ਬਾਅਦ ਖੁੱਲ੍ਹਿਆ 'ਮੋਹਾਲੀ-ਖਰੜ ਫਲਾਈਓਵਰ'  

ਏਜੰਸੀ

ਖ਼ਬਰਾਂ, ਪੰਜਾਬ

ਇਹ ਫਲਾਈਓਵਰ 4.60 ਕਿਲੋਮੀਟਰ ਲੰਬਾ ਹੈ। ਇਸ ਨੂੰ ਜ਼ਮੀਨ ਤੋਂ ਉੱਪਰ ਖੜ੍ਹਾ ਕਰਨ ਲਈ 128 ਪਿੱਲਰਾਂ ਦਾ ਸਹਾਰਾ ਦਿੱਤਾ ਗਿਆ ਹੈ

Kharar residents get relief, 'Mohali-Kharar flyover' opens after 4 years

ਖਰੜ : ਪੰਜਾਬ ਤੋਂ ਚੰਡੀਗੜ੍ਹ ਆਉਣ-ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦਰਅਸਲ ਮੋਹਾਲੀ-ਖਰੜ ਫਲਾਈਓਵਰ ਪ੍ਰਾਜੈਕਟ ਤਹਿਤ ਪਿੰਡ ਦੇਸੂਮਾਜਰਾ ਤੋਂ ਖਾਨਪੁਰ ਇੰਟਰਚੇਂਜ ਜੰਕਸ਼ਨ ਤੱਕ ਦਾ ਪੁਲ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਫਲਾਈਓਵਰ ਨਾਲ ਖਰੜ ਤੋਂ ਮੋਹਾਲੀ ਜਾਂ ਚੰਡੀਗੜ੍ਹ ਵਿਚਾਲੇ ਆਵਾਜਾਈ ਨੂੰ ਵੱਡੀ ਰਾਹਤ ਮਿਲੇਗੀ। ਕਰੀਬ 35,000 ਵਾਹਨਾਂ ਨੂੰ ਇੱਥੇ ਰੋਜ਼ਾਨਾ ਲੱਗਣ ਵਾਲੇ ਲੰਬੇ ਜਾਮ ਤੋਂ ਛੁਟਕਾਰਾ ਮਿਲੇਗਾ।

ਹੁਣ ਖਰੜ ਨੂੰ ਪਾਰ ਕਰਨ ਲਈ ਦੇਸੂਮਾਜਰਾ ਤੋਂ ਖਾਨਪੁਰ ਤੱਕ ਸਿਰਫ 5 ਮਿੰਟ ਲੱਗਣਗੇ। ਇਸ ਤੋਂ ਪਹਿਲਾਂ ਇਹ ਫ਼ਾਸਲਾ ਤੈਅ ਕਰਨ ਲਈ 45 ਤੋਂ 50 ਮਿੰਟਾਂ ਦਾ ਸਮਾਂ ਲੱਗ ਜਾਂਦਾ ਸੀ। ਲੁਧਿਆਣਾ-ਰੋਪੜ ਤੋਂ ਚੰਡੀਗੜ੍ਹ ਵੱਲ ਆਉਣ ਵਾਲਾ ਟ੍ਰੈਫਿਕ ਅਤੇ ਚੰਡੀਗੜ੍ਹ ਤੋਂ ਲੁਧਿਆਣਾ-ਰੋਪੜ ਵੱਲ ਜਾਣ ਵਾਲਾ ਟ੍ਰੈਫਿਕ ਇਸ ਪੁਲ ਤੋਂ ਹੋ ਕੇ ਲੰਘੇਗਾ।

ਦੇਸੂਮਾਜਰਾ ਸਰਕਾਰੀ ਸਕੂਲ ਕੋਲ ਇਸ ਪੁਲ 'ਤੇ ਟ੍ਰੈਫਿਕ ਚੜ੍ਹੇਗਾ ਅਤੇ ਉਤਰੇਗਾ। ਖਾਨਪੁਰ ਪੁਲ ਤੋਂ ਥ੍ਰੀ-ਲੇਨ ਹਾਈਵੇਅ ਮੋਰਿੰਡਾ ਰੋਡ ਵੱਲ ਮੁੜ ਜਾਵੇਗਾ, ਜਿੱਥੋਂ ਲੋਕ ਲੁਧਿਆਣਾ ਵੱਲ ਜਾ ਸਕਣਗੇ ਅਤੇ ਰੋਪੜ ਵੱਲ ਜਾਣ ਵਾਲੇ ਟ੍ਰੈਫਿਕ ਨੂੰ ਕੈਪਟਨ ਚੌਂਕ ਤੋਂ ਯੂ-ਟਰਨ ਲੈ ਕੇ ਰੋਪੜ ਵੱਲ ਜਾਣਾ ਪਵੇਗਾ। ਇੰਝ ਹੀ ਕੁਰਾਲੀ ਵੱਲੋਂ ਸਿੱਧਾ ਟ੍ਰੈਫਿਕ ਪੁਲ 'ਤੇ ਚੜ੍ਹੇਗਾ, ਜੋ ਦੇਸੂਮਾਜਰਾ ਸਕੂਲ ਕੋਲ ਉਤਰੇਗਾ।

ਦੱਸ ਦੇਈਏ ਕਿ ਇਹ ਫਲਾਈਓਵਰ 4.60 ਕਿਲੋਮੀਟਰ ਲੰਬਾ ਹੈ। ਇਸ ਨੂੰ ਜ਼ਮੀਨ ਤੋਂ ਉੱਪਰ ਖੜ੍ਹਾ ਕਰਨ ਲਈ 128 ਪਿੱਲਰਾਂ ਦਾ ਸਹਾਰਾ ਦਿੱਤਾ ਗਿਆ ਹੈ। ਜ਼ਮੀਨ ਤੋਂ ਇਸ ਦੀ ਉਚਾਈ ਕਰੀਬ 25 ਮੀਟਰ ਦੀ ਹੈ। ਇਹ ਫਲਾਈਓਵਰ 6 ਲੇਨ ਹੈ, ਜਿਸ 'ਚ ਤਿੰਨ ਲੇਨ ਅਪ ਤੇ ਤਿੰਨ ਡਾਊਨ ਲਈ ਬਣਾਏ ਗਏ ਹਨ। ਇਸ ਫਲਾਈਓਵਰ ਨੂੰ ਬਣਨ ਲਈ ਕਰੀਬ ਸਾਢੇ ਚਾਰ ਸਾਲ ਦਾ ਸਮਾਂ ਲੱਗਿਆ ਹੈ।