ਮਿਸ਼ਨ-2022 ਤਹਿਤ ਵਿਚਰ ਰਹੀਆਂ ਸਿਆਸੀ ਧਿਰਾਂ ਨੂੰ ‘ਤੀਜਾ ਫ਼ਰੰਟ’ ਦੇ ਸਕਦੈ ਵੱਡਾ ਝਟਕਾ
ਕਿਸਾਨੀ ਅੰਦੋਲਨ ਕਾਰਨ ਚੇਤੰਨ ਹੋਏ ਨੌਜਵਾਨ ਵਰਗ ਨੂੰ ਸਰਗਰਮ ਅਗਵਾਈ ਦੀ ਭਾਲ
ਚੰਡੀਗੜ੍ਹ : ਕਿਸਾਨੀ ਅੰਦੋਲਨ ਨੇ ਮਿਸ਼ਨ-2022 ਨੂੰ ਲੈ ਕੇ ਤਿਆਰੀ ’ਚ ਜੁੱਟੀਆਂ ਸਿਆਸੀ ਧਿਰਾਂ ਦੀਆਂ ਗਿਣਤੀਆਂ-ਮਿਣਤੀਆਂ ਵਿਗਾੜ ਦਿਤੀਆਂ ਹਨ। ਵੱਖ-ਵੱਖ ਮੁੱਦਿਆਂ ’ਤੇ ਜਮ੍ਹਾ-ਘਟਾਊ ਕਰ ਕੇ ਸਿਆਸੀ ਪੈਂਤੜੇ ਚੱਲਣ ਦੀ ਤਿਆਰ ਕਰ ਚੁੱਕੀਆਂ ਪਾਰਟੀਆਂ ਦੀਆਂ ਨਜ਼ਰਾਂ ਹੁਣ ਕਿਸਾਨੀ ਅੰਦੋਲਨ ਦੀ ਸਮਾਪਤੀ ’ਤੇ ਟਿੱਕੀਆਂ ਹੋਈਆਂ ਹਨ। ਜੇਕਰ ਮਸਲਾ ਛੇਤੀ ਹੱਲ ਹੁੰਦਾ ਹੈ ਤਾਂ ਉਨ੍ਹਾਂ ਨੂੰ ਸੰਭਲਣ ਲਈ ਸਮਾਂ ਮਿਲ ਸਕਦਾ ਹੈ। ਘੋਲ ਲੰਮਾ ਖਿੱਚਣ ਦੀ ਸੂਰਤ ’ਚ ਸਭ ਲਈ ਮੁਸ਼ਕਲ ਸਥਿਤੀ ਪੈਦਾ ਹੋਣ ਦੇ ਅਸਾਰ ਹਨ। ਕਿਸਾਨ ਜਥੇਬੰਦੀਆਂ ਦੀ ਦੂਰ-ਦਿ੍ਰਸ਼ਟੀ ਅਤੇ ਅੰਦੋਲਨ ਨੂੰ ਲਾਮਬੰਦ ਰੱਖਣ ਦੀ ਕਾਬਲੀਅਤ ਤੋਂ ਵੀ ਸਿਆਸੀ ਆਗੂ ਸੰਸੋਪੰਜ਼ ’ਚ ਹਨ।
ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪਸ ਵਿਚ ਮਿਹਣੋ-ਮਿਹਣੀ ਹੋ ਰਹੀਆਂ ਹਨ। ਤਿੰਨੇ ਧਿਰਾਂ ਕਿਸਾਨੀ ਸੰਘਰਸ਼ ’ਚੋਂ ਸਿਆਸੀ ਰਾਹਾਂ ਲੱਭਣ ਲਈ ਤਰਲੋਮੱਛੀ ਹੋ ਰਹੀਆਂ ਹਨ। ਮਸਲਾ ਛੇਤੀ ਹੱਲ ਨਾ ਹੋਣ ਦੀ ਸੂਰਤ ’ਚ ਤਿੰਨਾਂ ਪਾਰਟੀਆਂ ਦੀ ਉਮੀਦਾਂ ਨੂੰ ਬੂਰ ਪੈਣ ਦੇ ਅਸਾਰ ਮੱਧਮ ਹਨ। ਸਿਆਸਤ ’ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਮੁਤਾਬਕ ਕਿਸਾਨੀ ਅੰਦੋਲਨ ’ਤੇ ਨੇੜਿਓ ਨਜ਼ਰ ਰੱਖ ਰਹੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਤੀਜੇ ਫ਼ਰੰਟ ਦੀ ਉਸਾਰੀ ’ਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਸੂਤਰਾਂ ਮੁਤਾਬਕ ਸੁਖਦੇਵ ਸਿੰਘ ਢੀਂਡਸਾ ਵਲੋਂ ਬਸਪਾ ਨਾਲ ਏਕੇ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਹਿਲਾਂ ਉਨ੍ਹਾਂ ਦੇ ਭਾਜਪਾ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਸਨ, ਪਰ ਕਿਸਾਨੀ ਸੰਘਰਸ਼ ਕਾਰਨ ਇਹ ਗਠਜੋੜ ਬਣਨਾ ਨਾਮੁਮਕਿਨ ਹੋ ਗਿਆ ਹੈ। ਪੰਜਾਬ ਅੰਦਰ ਦਲਿਤ ਵੋਟਾਂ ਦੀ ਫ਼ੈਸਲਾਕੁੰਨ ਗਿਣਤੀ ਹੈ।
ਇਸ ਤੋਂ ਇਲਾਵਾ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੀ ਤੀਜੇ ਫ਼ਰੰਟ ’ਚ ਸ਼ਾਮਲ ਹੋ ਸਕਦੇ ਹੈ। ਬਲਵੰਤ ਸਿੰਘ ਰਾਮੂਵਾਲੀਆ, ਸੁਖਪਾਲ ਸਿੰਘ ਖਹਿਰਾ ਸਮੇਤ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੀ ਤੀਜੇ ਫ਼ਰੰਟ ’ਚ ਸ਼ਮੂਲੀਅਤ ਕਰ ਸਕਦੇ ਹਨ। ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਅੰਦਰ ਮੁੜ ਸਰਗਰਮ ਹੋਣ ਬਾਅਦ ਹਾਲ ਦੀ ਘੜੀ ਭਾਵੇਂ ਉਨ੍ਹਾਂ ਦੇ ਕਾਂਗਰਸ ਅੰਦਰ ਹੀ ਰਹਿਣ ਦੇ ਚਰਚੇ ਹਨ। ਪਰ ਕਿਸਾਨੀ ਅੰਦੋਲਨ ਕਾਰਨ ਉਨ੍ਹਾਂ ਦੀ ਕੈਬਨਿਟ ’ਚ ਵਾਪਸੀ ਲਟਕ ਗਈ ਹੈ। ਕਿਸਾਨੀ ਘੋਲ ਲੰਮਾ ਖਿੱਚਣ ਦੀ ਸੂਰਤ ’ਚ ਬਦਲੇ ਸਿਆਸੀ ਸਮੀਕਰਨਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਵੀ ਤੀਜੇ ਫ਼ਰੰਟ ’ਚ ਸ਼ਾਮਲ ਹੋਣ ਦੇ ਅੰਦਾਜ਼ੇ ਲਾਏ ਜਾ ਰਹੇ ਹਨ। ਦਿੱਲੀ ਵਿਚ ਕਿਸਾਨਾਂ ਦੀ ਆਊ-ਭਗਤ ’ਚ ਰੁੱਝੀ ਆਮ ਆਦਮੀ ਪਾਰਟੀ ਦੇ ਵੀ ਪੰਜਾਬ ’ਚ ਮੁੜ ਕੁੱਝ ਚੰਗਾ ਕਰਨ ਦੀ ਸੰਭਾਵਨਾਵਾਂ ਮੌਜੂਦ ਹਨ।
ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨਾਲ ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਤੇ ਦੋ ਰਾਜ ਸਭਾ ਮੈਂਬਰਾਂ ਨੇ ਅਹਿਮ ਮੀਟਿੰਗ ਕੀਤੀ ਹੈ। ਢੀਂਡਸਾ ਨੇ ਖੁਦ ਇਸ ਮੀਟਿੰਗ ਦੀ ਪੁਸ਼ਟੀ ਕੀਤੀ ਹੈ। ਇਸ ਨੂੰ ਹੀ ਪੰਜਾਬ ਵਿਚ ਤੀਜੇ ਬਦਲ ਦਾ ਮੁੱਢ ਸਮਝਿਆ ਜਾ ਰਿਹਾ ਹੈ। ਇਹ ਵੀ ਚਰਚਾ ਹੈ ਕਿ ਹੋਰ ਧਿਰਾਂ ਨੂੰ ਵੀ ਇਸ ਮੰਚ ਉੱਪਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਢੀਂਡਸਾ ਮੁਤਾਬਕ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਹੋਰ ਕਿਸੇ ਵੀ ਧਿਰ ਨਾਲ ਸਮਝੌਤਾ ਹੋ ਸਕਦਾ ਹੈ।
ਕਿਸਾਨੀ ਘੋਲ ਨੇ ਪੰਜਾਬ ਦੇ ਨੌਜਵਾਨਾਂ ਅੰਦਰ ਨਵੀਂ ਚੇਤਨਾ ਪੈਦਾ ਕੀਤੀ ਹੈ। ਅਪਣੇ ਹੱਕਾਂ ਲਈ ਚੇਤੰਨ ਨੌਜਵਾਨ ਵਰਗ ਰਵਾਇਤੀ ਪਾਰਟੀਆਂ ਤੋਂ ਕਾਫ਼ੀ ਨਰਾਜ਼ ਹਨ। ਨੌਜਵਾਨਾਂ ਦੇ ਸੰਘਰਸ਼ੀ ਜਜ਼ਬੇ ਅਤੇ ਹੱਕਾਂ ਪ੍ਰਤੀ ਜਾਗਰੂਕਤਾ ਨੂੰ ਪੰਜਾਬ ਅੰਦਰ ਨਵੇਂ ਸਿਆਸੀ ਯੁਗ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ। ਅਜਿਹੇ ਵਿਚ ਨਵੇਂ ਸਿਆਸੀ ਮੰਚ ਦੀਆਂ ਸੰਭਾਵਨਾਵਾਂ ਪ੍ਰਬਲ ਹੋ ਗਈਆਂ ਹਨ। ਦਿੱਲੀ ਧਰਨਿਆਂ ’ਚ ਵਿਚਰ ਰਹੀ ਨੌਜਵਾਨੀ ਕਿਸੇ ਅਜਿਹੇ ਮੰਚ ਦੀ ਤਲਾਸ਼ ’ਚ ਹੈ, ਜੋ ਉਨ੍ਹਾਂ ਦੀਆਂ ਮਾਨਸ਼ਾਵਾਂ ਦੀ ਪੂਰਤੀ ਕਰਦਾ ਹੋਵੇ। ਸੁਖਦੇਵ ਸਿੰਘ ਢੀਂਡਸਾ ਸਮੇਤ ਦੂਜੇ ਆਗੂ ਕਿਸਾਨਾਂ ਦੇ ਰੋਲ ਮਾਡਲ ਬਣ ਚੁੱਕੇ ਕਿਸਾਨ ਆਗੂਆਂ ਨੂੰ ਨਾਲ ਰਲਾ ਕੇ ਤੀਜੇ ਫ਼ਰੰਟ ਦੀ ਕਾਇਮੀ ਕਰ ਲੈਂਦੇ ਹਨ ਤਾਂ ਨੌਜਵਾਨ ਦੇ ਸਾਥ ਤੇ ਜਜ਼ਬੇ ਨਾਲ ਪੰਜਾਬ ਅੰਦਰ ਤੀਜੇ ਫ਼ਰੰਟ ਦੀ ਕਾਇਮੀ ਸੰਭਵ ਵਿਖਾਈ ਦੇ ਰਹੀ ਹੈ।