2022 ਚੋਣਾਂ 'ਚ ਨਵਾਂ ਫ਼ਰੰਟ ਹੋਂਦ ਵਿਚ ਲਿਆਵਾਂਗੇ : ਸੁਖਦੇਵ ਸਿੰਘ ਢੀਂਡਸਾ
2022 ਚੋਣਾਂ 'ਚ ਨਵਾਂ ਫ਼ਰੰਟ ਹੋਂਦ ਵਿਚ ਲਿਆਵਾਂਗੇ : ਸੁਖਦੇਵ ਸਿੰਘ ਢੀਂਡਸਾ
ਕਾਂਗਰਸ, ਬੀਜੇਪੀ ਤੇ ਬਾਦਲਾਂ ਤੋਂ ਬਗ਼ੈਰ ਬਾਕੀਆਂ ਨਾਲ ਸਮਝੌਤਾ ਕਰਾਂਗੇ
ਚੰਡੀਗੜ੍ਹ, 14 ਦਸੰਬਰ (ਜੀ.ਸੀ. ਭਾਰਦਵਾਜ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਮੌਕੇ, ਅੱਜ ਸਾਰੇ ਅਕਾਲੀ ਗੁੱਟ, ਬਾਦਲ ਦਲ, ਡੈਮੋਕਰੇਟਿਕ, ਟਕਸਾਲੀ, ਅੰਮ੍ਰਿਤਸਰ ਅਤੇ 1920 ਆਪੋ ਅਪਣੇ ਢੰਗ ਨਾਲ ਸਿੱਖ ਇਤਿਹਾਸ ਬਾਰੇ ਚਾਨਣਾ ਪਾ ਕੇ ਪਿਛਲੀਆਂ ਕੁਰਬਾਨੀਆਂ ਤੇ ਪ੍ਰਾਪਤੀਆਂ ਦਾ ਜ਼ਿਕਰ ਕਰ ਰਹੇ ਹਨ।
ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨੀ ਅੰਦੋਲਨ ਵਿਚ ਸ਼ਿਰਕਤ ਕਰ ਰਹੇ, ਵੱਖੋ ਵਖਰੇ ਦਲ ਤੇ ਜਥੇਬੰਦੀਆਂ ਦੀਆਂ ਮੰਗਾਂ ਨੂੰ ਸਾਹਮਣੇ ਰੱਖ ਕੇ, ਇਨ੍ਹਾਂ ਅਕਾਲੀ ਦਲ ਦੇ ਗੁੱਟਾ ਨੇ ਗੁਰਦਵਾਰਿਆਂ ਵਿਚ ਧਾਰਮਕ ਤੇ ਸਿਆੀਸ ਪ੍ਰੋਗਰਾਮ ਇਸ ਸਥਾਪਨਾ ਦਿਵਸ ਮੌਕੇ ਆਯੋਜਤ ਕੀਤੇ ਅਤੇ ਕਿਸਾਨੀ ਅੰਦੋਲਨ ਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਅਪਣੇ ਵਿਚਾਰ ਦਿਤੇ। ਅੱਜ ਇਥੇ ਪ੍ਰੈਸ ਕਲੱਬ ਵਿਚ ਮੀਡੀਆ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਡੈਮੋਕਰੇਟਿਕ ਅਕਾਲੀ ਦਲ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦਾ ਦਲ ਗ਼ੈਰ ਕਾਂਗਰਸੀ, ਗ਼ੈਰ ਭਾਜਪਾ, ਗ਼ੈਰ ਬਾਦਲਾਂ ਨਾਲ ਚੋਣ ਸਮਝੌਤਾ ਕਰ ਕੇ ਨਵਾਂ ਫ਼ਰੰਟ ਬਣਾਏਗਾ ਜਿਸ ਵਿਚ 'ਆਪ', ਬੀ.ਐਸ.ਪੀ., ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਅਤੇ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਸ਼ਾਮਲ ਹੋ ਸਕਦੀ ਹੈ। ਪਿਛਲੇ ਡੇਢ ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਅੱਡ ਹੋਏ ਮੌਜੂਦਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸਪਸ਼ਟ ਕਿਹਾ ਕਿ ਉਨ੍ਹਾਂ ਦਾ ਦਲ, ਬਤੌਰ ਧਾਰਮਕ ਪਾਰਟੀ, ਆਉਂਦੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਚੋਣਾਂ ਵੀ ਲੜੇਗਾ ਅਤੇ ਬਾਦਲ ਪ੍ਰਵਾਰ ਦੇ ਇਸ ਧਾਰਮਕ ਸੰਸਥਾ ਉੁਪਰ ਕੰਟਰੋਲ ਨੂੰ ਖ਼ਤਮ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਜੇਤੂ ਮੈਂਬਰ, ਹਾਰਿਆ ਹੋਇਆ ਉਮੀਦਵਾਰ ਜਾਂ ਹੋਰ ਕੋਈ ਧਾਰਮਕ ਨੇਤਾ ਸਿਆਸੀ ਚੋਣਾਂ ਨਹੀਂ ਲੜੇਗਾ। ਜ਼ਿਕਰਯੋਗ ਹੈ ਕਿ ਪ੍ਰੈਸ ਕਾਨਫ਼ਰੰਸ ਵਿਚ ਸਟੇਜ 'ਤੇ ਨਾਲ ਬੈਠੇ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰ ਜ੍ਹਾਂ 40 ਸਾਲ ਇਹ ਦੋਵੇਂ ਧਾਰਮਕ ਤੇ ਸਿਆਸੀ ਅਹੁਦਿਆਂ ਦਾ ਮਾਣ ਸਨਮਾਨ ਪ੍ਰਾਪਤ ਕਰਨ ਉਪਰੰਤ ਬਾਦਲ ਦਲ ਨਾਲੋਂ ਤੋੜ ਵਿਛੋੜਾ ਕੀਤਾ ਸ. ਸੇਵਾ ਸਿੰਘ ਸੇਖਵਾਂ ਨੇ ਸ. ਢੀਂਡਸਾ ਵਲੋਂ ਐਲਾਨੀ ਇਸ ਸ਼ਰਤ ਦੀ ਤਾਈਦ ਕੀਤੀ।
ਮੀਡੀਆ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਸ. ਬੀਰ ਦਵਿੰਦਰ ਸਿੰਘ, ਸ. ਰਣਜੀਤ ਸਿੰਘ ਤਲਵੰਡੀ, ਸ. ਅਮਰਿੰਦਰ ਸਿੰਘ ਤੇ ਹੋਰ ਸਿੱਖ ਨੇਤਾ ਸ਼ਾਮਲ ਸਨ। ਸ. ਢੀਂਡਸਾ ਨੇ ਇਹ ਵੀ ਸਪਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਦੀਆਂ ਧਾਰਮਕ ਚੋਣਾਂ ਲੜਨ ਲਈ ਪਾਰਟੀ ਦਾ ਸੰਵਿਧਾਨ ਅਤੇ 2022 ਚੋਣਾਂ ਲਈ ਭਾਰਤ ਦੇ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਵਖਰਾ ਸੈਕੂਲਰ ਸੰਵਿਧਾਨ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਾਸਤੇ ਡੈਮੋਕਰੇਟਿਕ ਸ਼੍ਰੋਮਣੀ ਅਕਾਲੀ ਦਲ ਦੀਆਂ ਦੋ ਕਮੇਟੀਆਂ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ। ਛੇਤੀ ਹੀ ਇਨ੍ਹਾਂ ਦੀ ਰੀਪੋਰਟ ਉਪਰੰਤ ਚੋਣ ਕਮਿਸ਼ਨ ਤੇ ਗੁਰਦਵਾਰਾ ਚੋਣ, ਚੀਫ਼ ਕਮਿਸ਼ਨਰ ਨਾਲ ਮੁਲਾਕਾਤ ਕੀਤ ਜਾਵੇਗੀ। ਮੌਜੂਦਾ ਕਿਸਾਨ ਅੰਦੋਲਨ ਦੇ ਲੰਮਾ ਸਮਾਂ ਚਲਣ ਦੇ ਡਰ ਕਰ ਕੇ ਪੰਜਾਬ ਵਿਚ ਬੀਜੇਪੀ ਦੀ ਮਾੜੀ ਸਿਆਸੀ ਹਾਲਤ ਤੇ ਭਵਿੱਖ ਵਿਚ 2022 ਚੋਣਾਂ ਮੌਕੇ ਤਿਲਕਣਬਾਜ਼ੀ ਨੂੰ ਦੇਖਦਿਆਂ ਸ. ਢੀਂਡਸਾ ਜੋ ਪਹਿਲਾਂ,ਬੀਜੇਪੀ ਦੇ ਰਾਸ਼ਟਰੀ ਨੇਤਾਵਾਂ ਨਾਲ ਨੇੜਤਾ ਦਸਣ ਵਿਚ ਫ਼ਖ਼ਰ ਮਹਿਸੂਸ ਕਰਦੇ ਸਨ ਅੱਜ ਬਾਦਲ ਪ੍ਰਵਾਰ ਤੇ ਬਾਦਲ ਅਕਾਲੀ ਦਲ ਵਲੋਂ ਬੀਜੇਪੀ ਦਾ ਪੱਲਾ ਛੱਡਣ ਉਪਰੰਤ ਹੁਣ ਸ. ਢੀਂਡਸਾ ਅਪਣੀ ਸਿਆਸੀ ਹੋਂਦ ਅਤੇ ਭÎਵਿੱਖ ਦੇ ਅਕਸ 'ਤੇ ਕਾਫ਼ੀ ਚਿੰਤਾ ਮਹਿਸੂਸ ਕਰਦੇ ਹਨ। ਉਨ੍ਹਾਂ ਦੀ ਚਿੰਤਾ ਇਹ ਹੈ ਕਿ ਕਾਂਗਰਸ, ਬੀਜੇਪੀ ਤੇ ਬਾਦਲ ਅਕਾਲੀ ਦਲ ਤੋਂ ਬਗ਼ੈਰ 'ਆਪ' ਤੇ ਹੋਰ ਜਥੇਬੰਦੀਆਂ ਨਾਲ ਬਣਾਇਆ ਫ਼ਰੰਟ ਕਿਤੇ ਫੇਲ੍ਹ ਨਾ ਹੋ ਜਾਏ।
ਫ਼ੋਟੋ: ਸੰਤੋਖ ਸਿੰਘ 1, 2