ਫਤਿਹਜੰਗ ਬਾਜਵਾ ਨੇ ਮੁੜ ਪੰਜਾਬ 'ਚ ਕਾਂਗਰਸ ਸਰਕਾਰ ਬਣਾਉਣ ਦਾ ਕੀਤਾ ਦਾਅਵਾ
"ਲੋਕਾਂ ਨੂੰ ਮੁਫਤ ਚੀਜ਼ਾਂ ਦਾ ਲਾਲਚ ਦੇ ਕੇ ਮਾਰਿਆ ਜਾਂਦਾ ਹੈ", ਫਤਿਹਜੰਗ ਬਾਜਵਾ ਨੇ ਮੁੜ ਪੰਜਾਬ 'ਚ ਕਾਂਗਰਸ ਸਰਕਾਰ ਬਣਾਉਣ ਦਾ ਕੀਤਾ ਦਾਅਵਾ
ਚੰਡੀਗੜ੍ਹ ( ਅਮਨਪ੍ਰੀਤ ਕੌਰ) 2022 ਦੀਆਂ ਚੋਣਾਂ ਤੋਂ ਪਹਿਲਾਂ ਹਰ ਪਾਰਟੀ ਵਲੋਂ ਆਪਣਾ ਸ਼ਕਤੀ ਪ੍ਰਦਰਸ਼ਨ ਵਿਖਾਇਆ ਜਾ ਰਿਹਾ ਹੈ। ਜੇ ਪੰਜਾਬ ਦੀ ਗੱਲ ਕਰੀਏ ਤਾਂ ਹਰ ਪਾਰਟੀ ਵਲੋਂ ਪੰਜਾਬ ਵਿਚ ਆਪਣੀ ਸਰਕਾਰ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਪਾਰਟੀਆਂ ਚੋਣਾਂ ਵਿਚ ਉਤਰਣ ਲਈ ਪੂਰੀ ਤਰ੍ਹਾਂ ਤਿਆਰ ਹਨ। ਚੋਣਾਂ ਨੂੰ ਲੈ ਕੇ ਸਪੋਕਸਮੈਨ ਵਲੋਂ ਫਤਿਹਜੰਗ ਬਾਜਵਾ ਨਾਲ ਗੱਲਬਾਤ ਕੀਤੀ ਗਈ।
ਫਤਿਹਜੰਗ ਬਾਜਵਾ ਨੇ ਕਿਹਾ ਕਿ 2022 ਦੀਆਂ ਚੋਣਾਂ ਲਈ ਹਰ ਪਾਰਟੀ ਮੈਦਾਨ ਵਿਚ ਉਤਰੇਗੀ। ਇਹ ਬਹੁਤ ਹੀ ਮਜ਼ੇਦਾਰ ਚੋਣਾਂ ਹੋਣਗੀਆਂ। ਜੇ ਸਾਡੀ ਸਰਕਾਰ ਦੀ ਗੱਲ ਕਰੀਏ ਤਾਂ ਲੋਕ ਕਾਂਗਰਸ ਦੀਆਂ ਨੀਤੀਆਂ ਉਤੇ ਆਪਣੀ ਮੋਹਰ ਲਗਾ ਰਹੇ ਹਨ। ਲੋਕ ਕਾਂਗਰਸ ਨੂੰ ਦੁਬਾਰਾ ਸੱਤਾ ਵਿਚ ਵੇਖਣਾ ਚਾਹੁੰਦੇ ਹਨ। ਲੋਕਾਂ ਨੂੰ ਕਾਂਗਰਸ ਸਰਕਾਰ ਤੇ ਵਿਸ਼ਵਾਸ਼ ਹੈ ਕਿਉਂਕਿ ਕਾਂਗਰਸ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ।
ਆਮ ਆਦਮੀ ਪਾਰਟੀ 'ਤੇ ਤੰਜ਼ ਕੱਸਦਿਆਂ ਫਤਿਹਜੰਗ ਬਾਜਵਾ ਨੇ ਕਿਹਾ ਕਿ ਕਿਸੇ ਟਾਈਮ ਲੋਕਾਂ ਨੂੰ ਆਮ ਆਦਮੀ ਪਾਰਟੀ ਤੇ ਵਿਸ਼ਵਾਸ਼ ਸੀ ਕਿ ਇਹ ਪਾਰਟੀ ਤੀਜਾ ਬਦਲ ਹੋ ਕੇ ਆ ਸਕਦੀ ਹੈ ਪਰ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਐਮਐਲਏ ਪਾਰਟੀ ਛੱਡ ਕੇ ਕਾਂਗਰਸ ਵਿਚ ਆ ਰਹੇ ਹਨ। ਇਹ ਸੰਕੇਤ ਹੁੰਦੇ ਹਨ। ਇਹ ਐਮਐੱਲਏ ਅਕਾਲੀਆਂ ਵੱਲ਼ ਕਿਉਂ ਨਹੀਂ ਜਾ ਰਹੇ। ਇਸ ਤੋਂ ਪਤਾ ਚਲਦਾ ਹੈ ਕਿ ਲੋਕ ਕਾਂਗਰਸ ਪਾਰਟੀ ਨੂੰ ਪਸੰਦ ਕਰ ਰਹੇ ਹਨ। ਸਰਕਾਰ ਦੁਬਾਰਾ ਸੱਤਾ ਵਿਚ ਆਉਂਦੀ ਦਿਸ ਰਹੀ ਹੈ।
ਨਵਜੋਤ ਸਿੱਧੂ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਿੱਧੂ ਤੇ ਚੰਨੀ ਦੀ ਜੋੜੀ ਲੋਕਾਂ ਨੂੰ ਪਸੰਦ ਆ ਰਹੀ ਹੈ। ਇਹ ਜੋੜੀ ਲੋਕਾਂ ਦੀਆਂ ਗੱਲਾਂ 'ਤੇ ਖਰੀ ਉਤਰ ਰਹੀ ਹੈ। ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਦਿਆਂ ਉਹਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਆ ਕੇ ਕਹਿ ਰਹੇ ਹਨ ਕਿ ਅਸੀਂ ਪੰਜਾਬ ਨੂੰ ਬਦਲਾਂਗੇ।
ਉਹਨਾਂ ਤੋਂ ਦਿੱਲੀ ਕਿਉਂ ਨਹੀਂ ਬਦਲੀ ਗਈ। ਪੰਜਾਬ ਸਿੱਖਿਆ ਦੇ ਮਾਮਲੇ ਵਿਚ ਪਹਿਲੇ ਨੰਬਰ 'ਤੇ ਆਇਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਦਿੱਲੀ ਦਾ ਮਡਲ ਲੈ ਕੇ ਆਉਣ ,ਅਸੀਂ ਖੁੱਲ੍ਹੀ ਬਹਿਸ ਕਰਾਂਗੇ। ਜੋ ਸੱਚ ਹੈ ਉਹ ਲੋਕਾਂ ਦੇ ਸਾਹਮਣੇ ਆ ਜਾਵੇਗਾ। ਅੱਜ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਵਾਲੀ ਸਰਕਾਰ ਚਾਹੀਦੀ ਹੈ ਤੇ ਸਾਡੀ ਸਰਕਾਰ ਪੰਜਾਬ ਨੂੰ ਕਰਜ਼ਾ ਮੁਕਤ ਕਰੇਗੀ।