ਅਸਥਾਨਾ ਵਲੋਂ DGP ਨੂੰ ਲਿਖੇ ਗੁਪਤ ਪੱਤਰ ਲੀਕ ਮਾਮਲੇ ਵਿਚ FIR ਦਰਜ ਕਰਾਂਗੇ : CM ਚੰਨੀ
ਚੰਨੀ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ |
ਚੰਡੀਗੜ੍ਹ, 14 ਦਸੰਬਰ (ਭੁੱਲਰ) : ਬਿਊਰੋ ਆਫ਼ ਇਲਵੈਸਟੀਗੇਸ਼ਨ ਪੰਜਾਬ ਦੇ ਏ.ਡੀ.ਜੀ.ਪੀ. ਐਸ.ਕੇ. ਅਸਥਾਨਾ ਵਲੋਂ ਡੀਜੀਪੀ ਨੂੰ ਨਸ਼ਿਆਂ ਦੇ ਮਾਮਲੇ ਵਿਚ ਜਾਂਚ ਕਰਨ ਤੋਂ ਅਸਮਰਥਤਾ ਪ੍ਰਗਟ ਕੀਤੇ ਜਾਣ ਬਾਰੇ ਲਿਖੀ ਗੁਪਤ ਚਿੱਠੀ ਜਨਤਕ ਤੌਰ 'ਤੇ ਵਾਇਰਲ ਹੋਣ ਦੇ ਮਾਮਲੇ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡੀ ਕਾਰਵਾਈ ਦਾ ਐਲਾਨ ਕੀਤਾ ਹੈ |
ਅੱਜ ਮੰਤਰੀ ਮੰਡਲ ਮੀਟਿੰਗ ਤੋਂ ਬਾਅਦ ਇਸ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਗੁਪਤ ਦਸਤਾਵੇਜ਼ ਕਿਵੇਂ ਲੀਕ ਹੋਣ ਦੇ ਮਾਮਲੇ ਵਿਚ ਐਫ਼.ਆਈ.ਆਰ. ਦਰਜ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਜਾਂਚ ਕੀਤੀ ਜਾਵੇਗੀ ਕਿ ਇਹ ਦਸਤਾਵੇਜ਼ ਕਿਵੇਂ ਤੇ ਕਿਸ ਨੇ ਲੀਕ ਕੀਤੇ |
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਕਾਰਵਾਈ ਵਿਚ ਰੁਕਾਵਟ ਲਈ ਇਸ ਵਿਚ ਸ਼ਾਮਲ ਕੁੱਝ ਲੋਕਾਂ ਵਲੋਂ ਅਦਾਲਤ 'ਚ ਵੀ ਰੁਕਾਵਟਾਂ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਅਫ਼ਸਰਾਂ ਨੂੰ ਵੀ ਧਮਕਾਇਆ ਜਾ ਰਿਹਾ ਹੈ | ਚੰਨੀ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ |