ਜਲੰਧਰ 'ਚ ਖੋਖਾ ਤੋੜਨ ਵਾਲੇ 4 ਨੌਜਵਾਨ ਗ੍ਰਿਫਤਾਰ: ਤੰਬਾਕੂ ਦੇ ਪੈਕਟਾਂ ਨੂੰ ਸਾੜ ਕੇ ਕੀਤੀ ਸੀ ਭੰਨਤੋੜ
ਇਨ੍ਹਾਂ ਚਾਰਾਂ ਵਿੱਚੋਂ ਇੱਕ ਨੇ ਨਿਹੰਗ ਸਿੰਘ ਦਾ ਪਹਿਰਾਵਾ ਪਾਇਆ ਹੋਇਆ ਸੀ, ਜਦਕਿ ਬਾਕੀ ਤਿੰਨ ਆਮ ਸਿੱਖ ਸਨ...
ਜਲੰਧਰ: ਪੰਜਾਬ ਦੀ ਜਲੰਧਰ ਸਿਟੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਗੁਰੂ ਤੇਗ ਬਹਾਦਰ ਨਗਰ 'ਚ ਪਾਨ-ਸਿਗਰਟ-ਤੰਬਾਕੂ ਦੇ ਖੋਖੇ ਤੋੜਨ ਵਾਲੇ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਜਲੰਧਰ 'ਚ ਸਿਗਰੇਟ-ਤੰਬਾਕੂ ਦੇ ਖੋਖਿਆਂ 'ਚੋਂ ਪੈਕੇਟ ਚੁੱਕ ਕੇ ਅੱਗ ਲਗਾ ਦਿੱਤੀ। ਇਸ ਤੋਂ ਇਲਾਵਾ ਖੋਖਿਆਂ ਵਿੱਚ ਵੀ ਭੰਨਤੋੜ ਕੀਤੀ ਗਈ। ਮੈਨਬਰੋ ਚੌਕ ਨੇੜੇ ਖੋਖਾ ਲਗਾਉਣ ਵਾਲੇ ਵਿਅਕਤੀ ਦੀ ਸ਼ਿਕਾਇਤ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸਤਨਾਮ ਸਿੰਘ, ਅਜਮੇਰ ਸਿੰਘ, ਮਹਿਕਦੀਪ ਸਿੰਘ ਸਾਰੇ ਵਾਸੀ ਤਰਨਤਾਰਨ ਅਤੇ ਚੌਥੇ ਸਿੱਖ ਨੌਜਵਾਨ ਦੀ ਪਛਾਣ ਰਣਜੀਤ ਸਿੰਘ ਲਾਂਬੜਾ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।
ਡੀਸੀਪੀ ਜਲੰਧਰ ਜਗਮੋਹਨ ਸਿੰਘ ਨੇ ਦੱਸਿਆ ਕਿ ਪੁਲਿਸ ਕੰਟਰੋਲ ਨੂੰ ਸੂਚਨਾ ਮਿਲਦਿਆਂ ਹੀ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਇਸ ਤੋਂ ਬਾਅਦ ਪੁਲਿਸ ਭੰਨਤੋੜ ਵਾਲੇ ਖੋਖੇ 'ਤੇ ਪਹੁੰਚ ਗਈ। ਉਥੇ ਪੀੜਤਾ ਦੇ ਬਿਆਨ ਦਰਜ ਕੀਤੇ ਗਏ। ਇਸ ਤੋਂ ਬਾਅਦ ਟੀਮਾਂ ਬਣਾ ਕੇ ਚਾਰਾਂ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਇਨ੍ਹਾਂ ਚਾਰਾਂ ਵਿੱਚੋਂ ਇੱਕ ਨੇ ਨਿਹੰਗ ਸਿੰਘ ਦਾ ਪਹਿਰਾਵਾ ਪਾਇਆ ਹੋਇਆ ਸੀ, ਜਦਕਿ ਬਾਕੀ ਤਿੰਨ ਆਮ ਸਿੱਖ ਸਨ। ਤਿੰਨ ਸਿੱਖ ਨੌਜਵਾਨ ਤਰਨਤਾਰਨ ਤੋਂ ਅਤੇ ਇੱਕ ਲਾਂਬੜਾ (ਜਲੰਧਰ) ਤੋਂ ਭੰਨਤੋੜ ਕਰਨ ਆਏ ਸਨ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।
ਡੀਸੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੇ ਵੱਖ-ਵੱਖ ਥਾਵਾਂ ’ਤੇ ਚਾਰ ਖੋਖੇ ਤੋੜੇ। ਇਸ ਤੋਂ ਇਲਾਵਾ ਉਨ੍ਹਾਂ ਮੈਨਬਰੋ ਚੌਕ ਨੇੜੇ ਇਕ ਔਰਤ ਦੀ ਦੁਕਾਨ ਤੋਂ ਤੰਬਾਕੂ ਪਦਾਰਥ ਚੁੱਕ ਕੇ ਅੱਗ ਲਗਾ ਦਿੱਤੀ। ਇਨ੍ਹਾਂ ਦੇ ਕਬਜ਼ੇ 'ਚੋਂ ਤਲਵਾਰ ਅਤੇ ਬਰਛੀ ਬਰਾਮਦ ਹੋਈ ਹੈ।