ਟਾਂਡਾ 'ਚ ਟੋਲ ਪਲਾਜ਼ਾ 'ਤੇ ਹੰਗਾਮਾ, ਕਿਸਾਨ ਤੇ ਟੋਲ ਕਰਮਚਾਰੀਆਂ ਵਿਚਾਲੇ ਹੋਈ ਝੜਪ
ਟੋਲ ਪਲਾਜ਼ਾ ਦੇ ਕਰਮਚਾਰੀ ਅਤੇ ਕਿਸਾਨ ਆਹਮੋ-ਸਾਹਮਣੇ ਹੋ ਗਏ ਅਤੇ ਮਾਹੌਲ ਕਾਫ਼ੀ ਤਣਾਅਪੂਰਨ ਬਣ ਗਿਆ।
ਟਾਂਡਾ ਉੜਮੁੜ - ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਡੀ. ਸੀ. ਦਫ਼ਤਰਾਂ ਅੱਗੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀ ਵੱਲੋਂ ਅੱਜ 15 ਦਸੰਬਰ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਇਕ ਮਹੀਨੇ ਲਈ ਟੋਲ ਪਲਾਜ਼ੇ ਬੰਦ ਕਰਵਾ ਕੇ ਪੱਕਾ ਮੋਰਚਾ ਲਾਉਣ ਦੇ ਪ੍ਰੋਗਰਾਮ ਉਲੀਕੇ ਗਏ ਸੀ। ਇਸੇ ਦੌਰਾਨ ਅੱਜ ਟਾਂਡਾ ਵਿਖੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਉਸ ਸਮੇਂ ਹੰਗਾਮਾ ਸ਼ੁਰੂ ਹੋ ਗਿਆ ਜਦੋਂ ਉਹਨਾਂ ਦੀ ਅਤੇ ਟੋਲ ਕਰਮਚਾਰੀਆਂ ਵਿਚਾਲੇ ਝੜਪ ਹੋ ਗਈ। ਟੋਲ ਪਲਾਜ਼ਾ ਦੇ ਕਰਮਚਾਰੀ ਅਤੇ ਕਿਸਾਨ ਆਹਮੋ-ਸਾਹਮਣੇ ਹੋ ਗਏ ਅਤੇ ਮਾਹੌਲ ਕਾਫ਼ੀ ਤਣਾਅਪੂਰਨ ਬਣ ਗਿਆ।
ਇਸ ਦੌਰਾਨ ਪੁਲਿਸ ਵੱਲੋਂ ਲਾਠੀਚਾਰਜ ਦੀ ਵੀ ਵਰਤੋਂ ਕੀਤੀ ਗਈ। ਅੱਜ ਸਵੇਰੇ ਕਿਸਾਨਾਂ ਦੇ ਆਉਣ ਤੋਂ ਪਹਿਲਾਂ ਟੋਲ ਕਰਮਚਾਰੀ ਵੱਡੀ ਗਿਣਤੀ ਵਿਚ ਟੋਲ 'ਤੇ ਇਕੱਠੇ ਹੋ ਗਏ ਸੀ। ਇਸ ਦੌਰਾਨ ਟਾਂਡਾ ਪੁਲਿਸ ਵੱਲੋਂ ਕਿਸੇ ਤਰਾਂ ਦੇ ਟਕਰਾਅ ਨੂੰ ਰੋਕਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਚੌਲਾਂਗ ਦੇ ਨਾਲ ਜ਼ਿਲ੍ਹੇ ਦੇ ਹੋਰਨਾਂ ਟੋਲ ਪਲਾਜਿਆਂ 'ਤੇ 15 ਜਨਵਰੀ ਤੱਕ ਪੱਕੇ ਮੋਰਚੇ ਲਗਾ ਕੇ ਟੋਲ ਬੰਦ ਕਰਵਾਉਣ ਦੇ ਉਲੀਕੇ ਗਏ ਪ੍ਰੋਗਰਾਮ ਦਾ ਵਿਰੋਧ ਕਰਦਿਆਂ ਅੱਜ ਚੌਲਾਂਗ ਟੋਲ ਪਲਾਜ਼ਾ ਅਤੇ ਕਰਮਚਾਰੀਆਂ ਦੀ ਮੀਟਿੰਗ ਹੋਈ।