ਪੰਜਾਬ ਦੇ ਅੱਠ ਨੌਜਵਾਨ ਭਾਰਤੀ ਫੌਜ ਅਤੇ ਹਵਾਈ ਸੈਨਾ ਵਿਚ ਕਮਿਸ਼ਨਡ ਅਫ਼ਸਰ ਬਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹਾਰਾਜਾ ਰਣਜੀਤ ਸਿੰਘ ਆਰਮਡ ਫ਼ੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਨੇ ਹੁਣ ਤਕ ਭਾਰਤੀ ਫ਼ੌਜ ਨੂੰ ਦਿਤੇ 168 ਅਫ਼ਸਰ

Eight young men from Punjab became commissioned officers in the Indian Army and Air Force

ਚੰਡੀਗੜ੍ਹ (ਭੁੱਲਰ) :  ਪੰਜਾਬ ਲਈ ਬੇਹੱਦ ਮਾਣ ਵਾਲੀ ਘੜੀ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫ਼ੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਏ.ਐਫ.ਪੀ.ਈ.) ਐਸ.ਏ.ਐਸ. ਨਗਰ (ਮੋਹਾਲੀ) ਦੇ ਅੱਠ ਕੈਡਿਟ, ਭਾਰਤੀ ਫ਼ੌਜ ਅਤੇ ਹਵਾਈ ਸੈਨਾ ਵਿਚ ਕਮਿਸ਼ਨਡ ਅਫ਼ਸਰ ਬਣ ਗਏ ਹਨ।

ਇਨ੍ਹਾਂ ’ਚੋਂ ਛੇ ਅਫ਼ਸਰ, ਜਿਨ੍ਹਾਂ ਵਿਚ ਲੁਧਿਆਣਾ ਜ਼ਿਲ੍ਹੇ ਦੇ ਕ੍ਰਿਤਿਨ ਗੁਪਤਾ, ਅੰਮ੍ਰਿਤਸਰ ਤੋਂ ਭਰਤ ਸ਼ਰਮਾ ਤੇ ਸਾਹਿਲਦੀਪ ਸਿੰਘ, ਪਟਿਆਲਾ ਤੋਂ ਸਾਹਿਲਪ੍ਰੀਤ ਸਿੰਘ ਸੰਧੂ, ਕਪੂਰਥਲਾ ਤੋਂ ਸ਼ਿਵ ਕੁਮਾਰ ਅਤੇ ਬਠਿੰਡਾ ਤੋਂ ਉੱਤਮ ਮਲਿਕ ਸ਼ਾਮਲ ਹਨ, ਨੂੰ ਭਾਰਤੀ ਸੈਨਾ ਅਕੈਡਮੀ (ਆਈ.ਐਮ.ਏ.), ਦੇਹਰਾਦੂਨ ਦੇ 155- ਰੈਗੂਲਰ ਕੋਰਸ ਦੀ ਪਾਸਿੰਗ ਆਊਟ ਪਰੇਡ ਦੌਰਾਨ ਭਾਰਤੀ ਫ਼ੌਜ ’ਚ ਕਮਿਸ਼ਨਡ ਅਫ਼ਸਰ ਵਜੋਂ ਸ਼ਾਮਲ ਕੀਤਾ ਗਿਆ ਹੈ। ਪਰੇਡ ਦਾ ਨਿਰੀਖਣ ਨੇਪਾਲੀ ਸੈਨਾ ਮੁਖੀ ਜਨਰਲ ਅਸ਼ੋਕਰਾਜ ਸਿਗਡੇਲ ਨੇ ਕੀਤਾ। ਇਹ ਕੈਡਿਟ ਮਹਾਰਾਜਾ ਰਣਜੀਤ ਸਿੰਘ ਆਰਮਡ ਫ਼ੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 8ਵੇਂ ਕੋਰਸ ਦੇ ਹਨ। ਇਹ ਨੌਜਵਾਨ ਅਫ਼ਸਰ ਜਲਦ ਹੀ ਅਪਣੀ ਯੂਨਿਟ ਵਿਚ ਸ਼ਾਮਲ ਹੋ ਕੇ ਭਾਰਤੀ ਫ਼ੌਜ ਵਿਚ ਸੇਵਾ ਨਿਭਾਉਣਗੇ।

ਇਸ ਤੋਂ ਇਲਾਵਾ, ਇੰਸਟੀਚਿਊਟ ਦੇ ਦੋ ਹੋਰ ਕੈਡਿਟ, ਸੰਗਰੂਰ ਜ਼ਿਲ੍ਹੇ ਦੇ ਗੁਰਸ਼ੇਰ ਸਿੰਘ ਚੀਮਾ ਅਤੇ ਕਪੂਰਥਲਾ ਤੋਂ ਪ੍ਰਥਮ ਪਰਮਾਰ ਨੂੰ ਏਅਰ ਫ਼ੋਰਸ ਅਕੈਡਮੀ (ਏ.ਐੱਫ.ਏ.) ਡੁੰਡੀਗਲ ਦੀ 214ਵੀਂ ਕੰਬਾਈਂਡ ਪਾਸਿੰਗ ਆਊਟ ਪਰੇਡ ਵਿਚ ਭਾਰਤੀ ਹਵਾਈ ਸੈਨਾ ’ਚ ਫ਼ਲਾਇੰਗ ਅਫ਼ਸਰ ਵਜੋਂ ਸ਼ਾਮਲ ਕੀਤਾ ਗਿਆ ਹੈ।
ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕੈਡਿਟਾਂ ਨੂੰ ਭਾਰਤੀ ਫ਼ੌਜ ਅਤੇ ਹਵਾਈ ਸੈਨਾ ਵਿਚ ਕਮਿਸ਼ਨਡ ਅਫ਼ਸਰ ਭਰਤੀ ਹੋਣ ’ਤੇ ਵਧਾਈ ਦਿਤੀ ਅਤੇ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਦਿਆਂ ਪੰਜਾਬ ਦਾ ਮਾਣ ਵਧਾਉਣ ਦੀ ਅਪੀਲ ਕੀਤੀ।

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੇ ਐਚ. ਚੌਹਾਨ ਨੇ ਦਸਿਆ ਕਿ ਭਾਰਤੀ ਇੰਸਟੀਚਿਊਟ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਕੁੱਲ 168 ਕੈਡਿਟ, ਭਾਰਤੀ ਹਥਿਆਰਬੰਦ ਫ਼ੌਜ ਵਿਚ ਕਮਿਸ਼ਨਡ ਅਫ਼ਸਰ ਵਜੋਂ ਭਰਤੀ ਹੋਏ ਹਨ।