ਡੇਰਾਬੱਸੀ ਅਦਾਲਤ ਪੇਸ਼ੀ ਦੌਰਾਨ ਭੱਜਿਆ ਕਾਰ ਚੋਰ ਪੁਲਿਸ ਨੇ ਕੋਰਟ ਕੰਪਲੈਕਸ ਦੇ ਬਾਹਰੋਂ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਲਟਾਣਾ ਵਿਚ 8 ਜਨਵਰੀ ਨੂੰ ਚੋਰੀ ਹੋਈ ਕਾਰ ਦੇ ਸੋਮਵਾਰ ਨੂੰ ਫੜੇ ਗਏ ਦੋ ਮੁਲਜ਼ਮਾਂ ਵਿਚੋਂ ਰਿੰਟੂ ਡੇਰਾਬੱਸੀ ਅਦਾਲਤ ਵਿਚ ਪੇਸ਼ੀ ਦੌਰਾਨ ਕੋਰਟ ਕੰਪਲੈਕਸ ਤੋਂ ਭੱਜ ਨਿਕਲਿਆ

Car thieves

ਡੇਰਾਬੱਸੀ/ਜ਼ੀਰਕਪੁਰ : ਬਲਟਾਣਾ ਵਿਚ 8 ਜਨਵਰੀ ਨੂੰ ਚੋਰੀ ਹੋਈ ਕਾਰ ਦੇ ਸੋਮਵਾਰ ਨੂੰ ਫੜੇ ਗਏ ਦੋ ਮੁਲਜ਼ਮਾਂ ਵਿਚੋਂ  ਇੱਕ ਰਿੰਟੂ ਡੇਰਾਬੱਸੀ ਅਦਾਲਤ ਵਿਚ ਪੇਸ਼ੀ  ਦੌਰਾਨ ਕੋਰਟ ਕੰਪਲੈਕਸ ਤੋਂ ਭੱਜ ਨਿਕਲਿਆ। ਰਿੰਟੂ ਨੂੰ ਪੁਲਿਸ ਨੇ ਪਿੱਛਾ ਕਰਕੇ ਕੋਰਟ ਕੰਪਲੈਕਸ ਦੇ ਬਾਹਰੋਂ ਫੜ ਤਾਂ ਲਿਆ ਪਰ ਬਖਸ਼ੀਖ਼ਾਨੇ ਵਿਚ ਬੰਦ ਕਰਨ 'ਤੇ ਉਸ ਨੇ ਦੀਵਾਰਾਂ ਨਾਲ ਸਿਰ ਮਾਰ ਕੇ ਅਪਣੇ ਆਪ ਨੂੰ ਜ਼ਖ਼ਮੀ ਕਰ  ਲਿਆ। ਜ਼ੀਰਕਪੁਰ ਪੁਲਿਸ ਨੇ ਉਸ ਦਾ ਮੈਡੀਕਲ ਕਰਾਇਆ ਅਤੇ ਡੇਰਾਬੱਸੀ ਥਾਣੇ ਵਿਚ ਰਿੰਟੂ ਵਿਰੁਧ ਅਲੱਗ ਤੋਂ ਸ਼ਿਕਾਇਤ ਦਰਜ ਕਰਵਾਈ ਗਈ। 

ਜਾਣਕਾਰੀ ਮੁਤਾਬਕ ਕਾਰ ਚੋਰੀ ਦੇ ਦੋਸ਼ੀ ਰਿੰਟੂ ਪੁੱਤਰ ਜੈਪਾਲ ਵਾਸੀ ਇੰਡਸਟਰੀਅਲ ਏਰੀਆ, ਫੇਜ਼-2, ਚੰਡੀਗੜ੍ਹ ਅਤੇ ਰਜਨੀਸ਼ ਸ਼ਰਮਾ ਵਾਸੀ ਬਿਸ਼ਨਪੁਰ, ਜ਼ੀਰਕਪੁਰ ਨੂੰ ਲੈ ਕੇ ਜ਼ੀਰਕਪੁਰ ਪੁਲਿਸ ਦੁਪਹਿਰ ਬਾਅਦ ਡੇਰਾਬੱਸੀ ਕੋਰਟ ਪਹੁੰਚੀ। ਇੱਥੇ ਜੁਡੀਸ਼ੀਅਲ ਮੈਜਿਸਟ੍ਰੇਟ ਬਲਵਿੰਦਰ ਕੌਰ ਧਾਲੀਵਾਲ ਦੀ ਕੋਰਟ ਵਿਚ ਪੇਸ਼ ਕਰਨ 'ਤੇ ਰਿੰਟੂ ਨੂੰ ਇਕ ਦਿਨ ਦੇ ਰੀਮਾਂਡ 'ਤੇ ਪੁਲਿਸ ਦੇ ਸਪੁਰਦ ਕੀਤਾ ਗਿਆ ਜਦਕਿ 17 ਸਾਲ ਦੇ ਰਜਨੀਸ਼ ਨੂੰ ਮੋਹਾਲੀ ਦੀ ਜੁਵੇਨਾਇਲ ਕੋਰਟ ਵਿਚ ਪੇਸ਼ ਕਰਨ ਨੂੰ ਕਿਹਾ ਗਿਆ।

ਦੋਹਾਂ ਨੂੰ ਬਖਸ਼ੀਖਾਨੇ ਵਿਚ ਵਾਪਸ ਲਿਜਾਇਆ ਜਾ ਰਿਹਾ ਸੀ ਕਿ ਇਸ ਦੌਰਾਨ ਮੁਲਜ਼ਮ ਰਿੰਟੂ ਨੇ ਪੁਲਿਸ ਮੁਲਾਜ਼ਮ ਨੂੰ ਧੱਕਾ ਦਿਤਾ ਅਤੇ ਭੱਜ ਨਿਕਲਿਆ।ਹੌਲਦਾਰ ਚਮਕੌਰ ਸਿੰਘ ਨੇ ਕਰੀਬ 200 ਮੀਟਰ ਦੂਰ ਤੱਕ ਪਿੱਛਾ ਕਰਦੇ ਹੋਏ ਰਿੰਟੂ ਨੂੰ ਦਬੋਚ ਲਿਆ। ਰਿੰਟੂ ਨੂੰ ਬਖਸ਼ੀਖਾਨੇ ਵਿਚ ਦੁਬਾਰਾ ਬੰਦ ਕਰਨ 'ਤੇ ਉਸ ਨੇ ਅਪਣਾ ਸਿਰ ਦੀਵਾਰ ਨਾਲ ਮਾਰਨਾ ਸ਼ੁਰੂ ਕਰ ਦਿਤਾ ਜਿਸ 'ਤੇ ਪੁਲਿਸ ਨੂੰ ਉਸ ਨੂੰ ਬਾਹਰ ਕੱਢਣਾ ਪਿਆ। ਤਫ਼ਤੀਸ਼ੀ ਪੁਲਿਸ ਅਧਿਕਾਰੀ ਚਮਕੌਰ ਸਿੰਘ ਨੇ ਦਸਿਆ ਕਿ ਰਿੰਟੂ ਦਾ ਦੁਬਾਰਾ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਚ ਮੈਡੀਕਲ ਅਤੇ ਮੱਲ੍ਹਮ-ਪੱਟੀ ਕਰਾਈ ਗਈ।

ਹਾਲਾਂਕਿ ਰਿੰਟੂ ਵਿਰੁਧ ਜ਼ੀਰਕਪੁਰ ਵਿਚ ਆਈਪੀਸੀ 379 ਅਤੇ 411 ਤਹਿਤ ਕੇਸ ਦਰਜ ਹੈ ਪਰ ਹੁਣ ਪੁਲਿਸ ਹਿਰਾਸਤ ਤੋਂ ਭੱਜਣ ਦਾ ਇਕ ਹੋਰ ਮਾਮਲਾ ਵੱਖ ਤੋਂ ਡੇਰਾਬੱਸੀ ਪੁਲਿਸ ਥਾਣੇ ਵਿਚ ਦਰਜ ਕਰਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਕਾਰ ਚੋਰੀ ਦੇ ਬਾਅਦ ਉਸਦੀ ਸਕਰੀਨ ਉੱਤੇ ਲੱਗੇ ਫਾਸਟ ਟਰੈਕ ਸਟਿੱਕਰ ਕਾਰਨ ਉਹ ਜਿਹੜੇ ਵੀ ਟੋਲ ਬੈਰਿਅਰ ਤੋਂ ਲੰਘੀ, ਕਾਰ ਮਾਲਿਕ ਅਮਿਤ ਅਰੋੜਾ ਦੇ ਮੋਬਾਇਲ ਫੋਨ ਉਤੇ ਉਸ ਟੋਲ ਉੱਤੇ ਪੈਸੇ ਕੱਟਣ ਦੇ ਮੈਸੇਜ ਆਉਂਦੇ ਰਹੇ । ਇਸ ਦੇ ਜ਼ਰੀਏ ਕਾਰ ਬੀਤੇ ਦਿਨ ਜ਼ੀਰਕਪੁਰ ਰਾਜਪੁਰਾ ਰੋਡ ਉਤੇ ਫੜੀ ਗਈ ਅਤੇ ਪੁਲਿਸ ਨੂੰ ਮੌਕੇ 'ਤੇ ਬੁਲਾ ਕੇ ਚੋਰਾਂ ਸਮੇਤ ਕਾਰ ਪੁਲਿਸ ਦੇ ਹਵਾਲੇ ਕਰ ਦਿਤੀ ਗਈ।