ਬਰਖ਼ਾਸਤਗੀ ਦੇ ਫ਼ੈਸਲੇ ਤੋਂ ਭੜਕੇ ਸੈਂਕੜੇ ਅਧਿਆਪਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਂਝੇ ਅਧਿਆਪਕ ਮੋਰਚਾ ਦੀ ਅਗਵਾਈ ਵਿਚ 7 ਅਕਤੂਬਰ ਤੋਂ ਪਟਿਆਲਾ ਸ਼ਹਿਰ ਦੇ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਸਾਹਮਣੇ ਚੌਕ ਵਿਚ ਅਧਿਆਪਕਾਂ ਦੇ 56 ਦਿਨ ਚੱਲੇ 'ਪੱਕੇ....

Teachers Protets

ਪਟਿਆਲਾ  : ਸਾਂਝੇ ਅਧਿਆਪਕ ਮੋਰਚਾ ਦੀ ਅਗਵਾਈ ਵਿਚ 7 ਅਕਤੂਬਰ ਤੋਂ ਪਟਿਆਲਾ ਸ਼ਹਿਰ ਦੇ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਸਾਹਮਣੇ ਚੌਕ ਵਿਚ ਅਧਿਆਪਕਾਂ ਦੇ 56 ਦਿਨ ਚੱਲੇ 'ਪੱਕੇ ਧਰਨੇ ਵਿਚ ਹਿੱਸਾ ਲੈਣ ਕਾਰਨ ਮੁਅੱਤਲ ਕੀਤੇ ਪੰਜ ਅਧਿਆਪਕ ਆਗੂਆਂ ਹਰਦੀਪ ਸਿੰਘ ਟੋਡਰਪੁਰ, ਹਰਵਿੰਦਰ ਸਿੰਘ ਰੱਖੜਾ, ਭਰਤ ਕੁਮਾਰ, ਦੀਦਾਰ ਸਿੰਘ ਅਤੇ ਹਰਜੀਤ ਸਿੰਘ ਦੀਆਂ ਸੇਵਾਵਾਂ ਬਰਖ਼ਾਸਤ ਕੀਤੇ ਜਾਣ ਦੇ ਵਿਰੋਧ 'ਚ ਜ਼ਿਲ੍ਹੇ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਨਹਿਰੂ ਪਾਰਕ 'ਚ ਇਕੱਠੇ ਹੋ ਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ।

ਪੰਜਾਬ ਸਰਕਾਰ ਦੇ ਇਸ ਕਦਮ ਵਿਰੁਧ ਅਧਿਆਪਕਾਂ ਨੇ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਅਤੇ ਸ਼ੇਰਾਂ ਵਾਲੇ ਗੇਟ 'ਤੇ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਪੁਤਲੇ ਦੇ ਨਾਲ ਨਾਲ ਅਧਿਆਪਕਾਂ ਦੀ ਬਰਖਾਤਗੀ ਦੇ ਪੱਤਰਾਂ ਨੂੰ ਵੀ ਫੂਕਦਿਆਂ ਸੰਘਰਸ਼ ਨੂੰ ਹੋਰ ਤਿੱਖਾ ਤੇ ਵਿਆਪਕ ਕਰਨ ਦਾ ਐਲਾਨ ਕੀਤਾ ਹੈ। ਆਗੂਆਂ ਨੇ ਦਸਿਆ ਕਿ ਸਿਖਿਆ ਮੰਤਰੀ ਵਲੋਂ ਗ਼ੈਰ-ਜ਼ਿੰਮੇਵਾਰਾਨਾ ਰਵੱਈਆ ਅਪਣਾਉਦਿਆਂ ਡੇਢ ਮਹੀਨਾ ਬੀਤਣ ਦੇ ਬਾਵਜੂਦ ਆਪਣੇ ਕਿਸੇ ਵੀ ਐਲਾਨ ਨੂੰ ਪੂਰਾ ਨਹੀਂ ਕੀਤਾ ਸਗੋਂ ਵਾਅਦਾ ਖਿਲਾਫੀ ਕਰਦਿਆਂ ਬੀਤੇ ਦਿਨੀ ਤਨਖਾਹ ਕਟੌਤੀ ਨੂੰ ਜਬਰੀ ਲਾਗੂ ਕਰਨ ਲਈ ਆਨ ਲਾਈਨ ਪੋਰਟਲ ਖੋਲ੍ਹ ਦਿਤਾ ਗਿਆ।

ਲੋਹੜੀ ਵਾਲੇ ਦਿਨ ਸਾਰੀਆਂ ਮੁਅੱਤਲੀਆਂ ਰੱਦ ਕਰ ਕੇ ਅਧਿਆਪਕਾਂ ਨੂੰ ਲੋਹੜੀ ਦੇ ਤੋਹਫੇ ਦੇ ਰੂਪ ਵਿਚ ਪ੍ਰਚਾਰਨ ਵਾਲੇ ਅਪਣੇ ਬਿਆਨ ਤੋਂ ਪਲਟੀ ਮਾਰਦਿਆਂ ਅੱਜ ਪੰਜ ਅਧਿਆਪਕ ਆਗੂਆਂ ਦੀਆਂ ਸੇਵਾਵਾਂ ਸੰਘਰਸ਼ਾਂ ਵਿਚ ਹਿੱਸਾ ਲੈਣ ਕਾਰਨ ਬਰਖਾਸਤ ਕਰਨ ਦੇ ਪੱਤਰ ਜਾਰੀ ਕਰ ਦਿਤੇ ਹਨ। ਅਧਿਆਪਕ ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕ ਵਰਗ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਵਾਅਦਾਖਿਲਾਫੀ ਦੇ ਵਿਰੋਧ ਵਿੱਚ ਹੋਰਨਾਂ ਜਨਤਕ ਜਥੇਬੰਦੀਆਂ ਨੂੰ ਨਾਲ ਲੈਂਦਿਆਂ ਸਰਕਾਰ ਵਿਰੁਧ ਵਿਆਪਕ ਸੰਘਰਸ਼ ਵਿੱਢਿਆ ਜਾਵੇਗਾ ਅਤੇ ਇਸ ਦਾ ਸਿਆਸੀ ਖ਼ਮਿਆਜ਼ਾ ਭੁਗਤਨ ਲਈ ਤਿਆਰ ਰਹਿਣ ਦੀ ਵੀ ਚੇਤਾਵਨੀ ਦਿਤੀ।