ਸਿੱਖਾਂ ਨੂੰ ਪ੍ਰਭਾਵਤ ਕਰਨ ਲਈ ਮੋਦੀ ਸਰਕਾਰ ਖੇਡਣ ਲੱਗੀ ਸਿਆਸੀ ਪੱਤੇ : ਬੀਬੀ ਭੱਠਲ
ਆਗਾਮੀ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਮੋਦੀ ਵਲੋਂ ਸਿਆਸੀ ਪੱਤੇ ਖੇਡਣੇ ਸ਼ੁਰੂ ਕਰ ਦਿਤੇ ਹਨ ਤਾਂ ਜੋ ਕੇਂਦਰ ਵਿਚ ਮੁੜ ਅਪਣੀ ਸਰਕਾਰ ਬਣਾ ਸਕਣ.......
ਧਨੌਲਾ : ਆਗਾਮੀ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਮੋਦੀ ਵਲੋਂ ਸਿਆਸੀ ਪੱਤੇ ਖੇਡਣੇ ਸ਼ੁਰੂ ਕਰ ਦਿਤੇ ਹਨ ਤਾਂ ਜੋ ਕੇਂਦਰ ਵਿਚ ਮੁੜ ਅਪਣੀ ਸਰਕਾਰ ਬਣਾ ਸਕਣ ਪ੍ਰੰਤੂ ਦੇਸ਼ ਦੇ ਸੂਝਵਾਨ ਲੋਕ ਇਸ ਕੇਂਦਰ ਸਰਕਾਰ ਨੂੰ ਮੁੜ ਮੂੰਹ ਨਹੀਂ ਲਾਉਣਗੇ। ਇਹ ਦਾਅਵਾ ਬੀਬੀ ਰਜਿੰਦਰ ਕੌਰ ਭੱਠਲ ਨੇ ਵਿਸ਼ੇਸ ਗੱਲਬਾਤ ਕਰਦਿਆ ਕੀਤਾ ਉਨ੍ਹਾਂ ਕਿਹਾਂ ਕਿ ਸਿੱਖ ਕੌਮ ਨੂੰ ਪ੍ਰਭਾਵਤ ਕਰਨ ਲਈ ਚੋਣਾਂ ਮੌਕੇ ਸਿੱਕਾ ਜਾਰੀ ਕਰਨਾ ਇਕ ਸਿਆਸੀ ਸਟੰਟ ਹੈ ਜਦਕਿ ਇਹ ਸਿੱਕਾ ਸਰਕਾਰ ਅਪਣੇ ਪਹਿਲੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਵੀ ਕਰ ਸਕਦੀ ਸੀ ਪ੍ਰੰਤੂ ਉਸ ਸਮੇਂ ਅਜਿਹਾ ਨਹੀਂ ਕੀਤਾ ਕਿਉਂਕਿ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਲੋਕ ਪੂਰੀ ਤਰ੍ਹਾਂ ਦੁਖੀ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਮਾੜੀ ਹੋਈ ਹਾਲਤ ਨੂੰ ਮੁੜ ਸੁਰਜੀਤ ਕਰਨ ਲਈ ਭਾਜਪਾ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਸਿਆਸੀ ਖੇਡ ਰਹੀ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਅੱਜ ਪੂਰਨ ਤੌਰ 'ਤੇ ਸਿਆਸੀਕਰਨ ਹੋ ਚੁੱਕਾ ਹੈ ਅਤੇ ਬਾਦਲਾਂ ਦੇ ਹੱਥ ਵਿਚ ਖੇਡ ਰਹੀ ਹੈ। ਉਨ੍ਹਾਂ ਨੂੰ ਸੰਗਰੂਰ ਹਲਕੇ ਤੋਂ ਲੋਕ ਸਭਾ ਚੋਣ ਲੜਨ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾਂ ਕਿ ਹਾਈਕਮਾਂਡ ਜੋ ਵੀ ਫ਼ੈਸਲਾ ਕਰੇਗੀ ਉਸ ਨੂੰ ਸਾਰੇ ਰਲ ਮਿਲ ਕੇ ਪ੍ਰਵਾਨ ਕਰਨਗੇ। ਪਰੰਤੂ ਹਾਈਕਮਾਂਡ ਵਲੋਂ ਅਜੇ ਤਕ ਕਿਸੇ ਵੀ ਉਮੀਦਵਾਰ ਦਾ ਨਾਂਅ ਨਹੀਂ ਐਲਾਨਿਆ ਗਿਆ।