ਪੰਜਾਬੀਆਂ ਨੇ ਝੂਠ ਦੇ ਸਹਾਰੇ 10 ਸਾਲ ਲੁੱਟਣ ਵਾਲੇ ਬਾਦਲਾਂ ਨੂੰ ਚਲਦਾ ਕੀਤਾ- ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਨੂੰ ਤਰੱਕੀ ਦੇ ਰਾਹ ਤੋਰਨਾ ਸਾਡੇ ਲਈ ਇਮਤਿਹਾਨ ਦੀ ਘੜੀ...

Sidhu announces grant of 32 crores for development works of Bhawanigarh

ਭਵਾਨੀਗੜ੍ਹ : ਅੱਜ ਇਥੇ ਨਵੇਂ ਬੱਸ ਸਟੈਂਡ ਨੇੜੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਹੇਠ ਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਸਮਰਪਿਤ ਰੈਲੀ ਕੀਤੀ ਗਈ। ਇਸ ਰੈਲੀ ਵਿਚ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਤੌਰ ਮੁਖ ਮਹਿਮਾਨ ਸ਼ਿਰਕਤ ਕੀਤੀ। ਕੈਬਨਿਟ ਮੰਤਰੀ ਸਿੱਧੂ ਨੇ ''ਜਿਹੜਾ ਯਾਰ ਨਾ ਦੇਖੇ ਐਬਾਂ ਨੂੰ, ਉਹ ਯਾਰ ਮੁਬਾਰਕ ਹੁੰਦਾ ਏ'' ਦੇ ਸ਼ੇਅਰ ਤੋਂ ਆਪਣਾ ਭਾਸ਼ਣ ਸ਼ੁਰੂ ਕਰਦਿਆਂ ਕਿਹਾ ਕਿ ਦਸ ਸਾਲ ਝੂਠ ਦੇ ਸਹਾਰੇ ਲੁੱਟ ਦਾ ਰਾਜ ਕਰਨ ਵਾਲੇ ਅਕਾਲੀਆਂ ਨੂੰ ਪੰਜਾਬੀਆਂ ਨੇ ਚਲਦਾ ਕਰ ਦਿਤਾ ਅਤੇ ਹੁਣ ਸਾਡੀ ਇਮਤਿਹਾਨ ਦੀ ਘੜੀ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵਲੋਂ ਇਕ ਸਾਲ ਦੇ ਵਕਫ਼ੇ ਵਿਚ ਪੰਜਾਬ ਦੀ ਗੱਡੀ ਵਿਕਾਸ ਦੀ ਪਟੜੀ 'ਤੇ ਤੋਰ ਲਈ ਹੈ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਦੀ ਹਨੇਰੀ ਲਿਆ ਦੇਣੀ ਹੈ। ਸ੍ਰੀ ਸਿੱਧੂ ਨੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸਿੰਗਲਾ ਦੀ ਮੰਗ ਉਤੇ ਸ਼ਹਿਰ ਦੇ ਅਧੂਰੇ ਪਏ ਬੱਸ ਸਟੈਂਡ, ਸ਼ਹਿਰ ਦੇ ਸਾਰੇ ਮੁਹੱਲਿਆਂ ਨੂੰ ਸੀਵਰੇਜ ਨਾਲ ਜੋੜਨ ਅਤੇ ਹੋਰ ਵਿਕਾਸ ਕਾਰਜਾਂ ਲਈ 32 ਕਰੋੜ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸੰਗਰੂਰ ਦੇ ਬਨਾਸਰ ਬਾਗ਼ ਲਈ 8 ਕਰੋੜ ਦੀ ਗਰਾਂਟ ਦਾ ਐਲਾਨ ਵੀ ਕੀਤਾ।

ਉਨ੍ਹਾਂ ਕਿਹਾ ਕਿ ਉਹ ਸੰਗਰੂਰ ਲਈ ਪਹਿਲਾਂ ਵੀ 96 ਕਰੋੜ ਦੀ ਗ੍ਰਾਂਟ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿੰਗਲਾ ਮੇਰੇ ਛੋਟੇ ਭਰਾ ਹਨ ਅਤੇ ਇਨ੍ਹਾਂ ਲਈ ਖ਼ਜ਼ਾਨੇ ਦੇ ਦਰਵਾਜੇ ਹਮੇਸ਼ਾ ਖੁੱਲੇ ਹਨ। ਸ੍ਰੀ ਸਿੱਧੂ ਨੇ ਬਸ ਸਟੈਂਡ ਵਾਲੀ ਜ਼ਮੀਨ ਦੇ ਕੁਝ ਹਿੱਸੇ 'ਤੇ ਨਜਾਇਜ਼ ਕਬਜ਼ੇ ਬਾਰੇ ਤਾੜਨਾ ਕੀਤੀ ਕਿ ਇਸ ਸਬੰਧੀ ਦੋਸ਼ੀਆਂ ਨੂੰ ਟੰਗ ਦਿਤਾ ਜਾਵੇਗਾ। ਇਸ ਮੌਕੇ ਬਲਾਕ ਦੇ ਕਾਂਗਰਸੀ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਦਾ ਸਨਮਾਨ ਵੀ ਕੀਤਾ। ਸ੍ਰੀ ਸਿੰਗਲਾ ਨੇ ਇਲਾਕੇ ਦੇ ਲੋਕਾਂ ਵਲੋਂ ਸ੍ਰੀ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵੱਡੇ ਭਰਾ ਵਾਲੇ ਅਸ਼ੀਰਵਾਦ ਨਾਲ ਹਲਕੇ ਦੇ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਆ ਜਾਵੇਗੀ।