ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਕਿਸੇ ਮਹਿਲਾ ਨੂੰ ਟਿਕਟ ਦਿਉ
ਟੈਰੀਟੋਰੀਅਲ ਕਾਂਗਰਸ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ 2015 ਵਿਚ ਨਗਰ ਨਿਗਮ ਚੰਡੀਗੜ੍ਹ ਦੀ ਮੇਅਰ ਰਹਿ ਚੁਕੀ ਪੂਨਮ ਸ਼ਰਮਾ..
ਚੰਡੀਗੜ੍ਹ : ਟੈਰੀਟੋਰੀਅਲ ਕਾਂਗਰਸ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ 2015 ਵਿਚ ਨਗਰ ਨਿਗਮ ਚੰਡੀਗੜ੍ਹ ਦੀ ਮੇਅਰ ਰਹਿ ਚੁਕੀ ਪੂਨਮ ਸ਼ਰਮਾ ਨੇ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਕੋਲੋਂ ਮੰਗ ਕੀਤੀ ਹੈ ਕਿ ਚੰਡੀਗੜ੍ਹ ਪਾਰਲੀਮਾਨੀ ਹਲਕੇ ਤੋਂ ਐਤਕੀ 2019 ਦੀਆਂ ਚੋਣਾਂ ਵਿਚ ਕਿਸੇ ਮਹਿਲਾ ਉਮੀਦਵਾਰ ਨੂੰ ਹੀ ਟਿਕਟ ਦਿਤੀ ਜਾਵੇ। ਇਹ ਵਿਚਾਰ ਪੂਨਮ ਸ਼ਰਮਾ ਨੇ ਅੱਜ ਪ੍ਰੈੱਸ ਕਲੱਬ ਸੈਕਟਰ-27 ਵਿਚ ਇਕ ਪੱਤਰਕਾਰ ਸੰਮੇਲਨ ਵਿਚ ਪ੍ਰਗਟ ਕੀਤੇ।
ਸਾਬਕਾ ਮੇਅਰ ਸ਼ਰਮਾ ਨੇ ਕਿਹਾ ਕਿ ਚੰਡੀਗੜ੍ਹ ਦੋ ਗੁਆਂਢੀ ਸੂਬਿਆਂ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੋਣ ਕਰ ਕੇ ਇਥੇ ਲੋਕ ਸਭਾ ਵਿਚ ਜੇ ਪਾਰਟੀ ਕਿਸੇ ਮਹਿਲਾ ਨੂੰ ਉਮੀਦਵਾਰ ਬਣਾਉਂਦੀ ਹੈ ਤਾਂ ਇਹ ਪਾਰਟੀ ਲਈ ਇਕ ਇਤਿਹਾਸਕ ਮੌਕਾ ਹੋਵੇਗਾ। ਉਨ੍ਹਾਂ ਕਿਹਾ ਜਦ ਦਾ ਚੰਡੀਗੜ੍ਹ ਪਾਰਲੀਮਾਨੀ ਹਲਕਾ ਬਣਾਇਆ ਗਿਆ ਉਦੋਂ ਤੋਂ ਹੁਣ ਤਕ ਕਾਂਗਰਸ ਵਲੋਂ ਕਿਸੇ ਨਾ ਕਿਸੇ ਮਰਦ ਨੂੰ ਹੀ ਉਮੀਦਵਾਰ ਬਣਾਇਆ ਜਾਂਦਾ ਰਿਹਾ ਹੈ
ਜਦਕਿ ਕਿਸੇ ਵੀ ਮਹਿਲਾ ਨੂੰ ਕਦੇ ਵੀ ਟਿਕਟ ਨਹੀਂ ਦਿਤੀ। ਉਨ੍ਹਾਂ ਕਿਹਾ ਚੰਡੀਗੜ੍ਹ ਕਾਂਗਰਸ ਪਾਰਟੀ ਵਿਚ ਵੀ ਔਰਤਾਂ ਵਲੋਂ ਸਿਆਸਤ ਵਿਚ ਅਹਿਮ ਰੋਲ ਅਦਾ ਕੀਤਾ ਜਾਂਦਾ ਰਿਹਾ ਹੈ। ਪੂਨਮ ਸ਼ਰਮਾ ਜੋ ਪੇਸ਼ੇ ਵਜੋਂ ਵਕੀਲ ਵੀ ਹਨ ਅਤੇ ਸਮਾਜ ਸੇਵਿਕਾ ਵੀ ਮਨੀ ਜਾਂਦੀ ਹੈ, ਨੇ ਉਮੀਦ ਕੀਤੀ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਉਨ੍ਹਾਂ ਵਰਗੀਆਂ ਅਗਾਂਹਵਧੂ ਔਰਤਾਂ 'ਤੇ ਭਰੋਸਾ ਕਰ ਕੇ ਚੰਡੀਗੜ੍ਹ ਤੋਂ ਇਕ ਵਾਰੀ ਜ਼ਰੂਰ ਲੋਕ ਸਭਾ ਸੀਟ ਲਈ ਟਿਕਟ ਦੇਣ।
ਇਸ ਮੌਕੇ ਉਨ੍ਹਾਂ ਨਾਲ ਮਹਿਲਾ ਕਾਂਗਰਸ ਦੀਆਂ ਕਈ ਹੋਰ ਜਾਗਰੂਕ ਔਰਤਾਂ ਨੇ ਵੀ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਪੂਨਮ ਸ਼ਰਮਾ ਕਾਂਗਰਸ ਦੇ ਪਵਨ ਬਾਂਸਲ ਧੜੇ ਦਾ ਵਿਰੋਧ ਕਰ ਕੇ ਬਾਗ਼ੀ ਗਰੁੱਪ ਦੇ ਨੇਤਾ ਮੁਨੀਸ਼ ਤਿਵਾੜੀ ਨਾਲ ਹੱਥ ਮਿਲਾ ਚੁਕੀ ਹੈ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਦੀ ਪਹਿਲਾਂ ਵੀ ਕਈ ਵਾਰ ਮੁਖਾਲਪਤ ਕਰ ਚੁਕੀ ਹੈ ਕਿਉਂਕਿ ਮੁਨੀਸ਼ ਤਿਵਾੜੀ ਖ਼ੁਦ ਚੰਡੀਗੜ੍ਹ ਤੋਂ ਲੋਭ ਸਭਾ ਟਿਕਟ ਲੈਣ ਲਈ ਕਾਫ਼ੀ ਸਮੇਂ ਤੋਂ ਜ਼ੋਰ ਦਿੰਦੇ ਆ ਰਹੇ ਹਨ ਅਤੇ ਪਵਨ ਬਾਂਸਲ ਨੂੰ ਕਾਂਗਰਸ ਦੀ ਹਾਰ ਲਈ ਜ਼ਿੰਮੇਵਾਰ ਦਸਦੇ ਰਹੇ ਹਨ।