ਅਨਿਲ ਅੰਬਾਨੀ ’ਤੇ ਧੋਖਾਧੜੀ ਦਾ ਦੋਸ਼, ਵਿਜੇ ਮਾਲਿਆ ਤੋਂ 10 ਗੁਣਾ ਵੱਧ ਬੈਂਕਾਂ ਤੋਂ ਲਿਆ 86,188 ਕਰੋ
ਅਨਿਲ ਅੰਬਾਨੀ ’ਤੇ ਧੋਖਾਧੜੀ ਦਾ ਦੋਸ਼, ਵਿਜੇ ਮਾਲਿਆ ਤੋਂ 10 ਗੁਣਾ ਵੱਧ ਬੈਂਕਾਂ ਤੋਂ ਲਿਆ 86,188 ਕਰੋੜ ਰੁਪਏ ਦਾ ਕਰਜ਼ਾ!
ਭੋਪਾਲ, 15 ਜਨਵਰੀ : ਦੇਸ਼ ਦੀ ਸੱਭ ਤੋਂ ਵੱਡੀ ਨਿੱਜੀ ਖੇਤਰ ਦੀ ਕੰਪਨੀ, ਰਿਲਾਇੰਸ ਗਰੁੱਪ ਹੈ। ਇਸ ਦੀ ਸਥਾਪਨਾ ਧੀਰੂਭਾਈ ਅੰਬਾਨੀ ਨੇ ਕੀਤੀ ਸੀ, ਪਰ ਹੁਣ ਇਹ ਕੰਪਨੀ ਵਿਵਾਦਾਂ ਵਿਚ ਪੈਣ ਲੱਗੀ ਹੈ। ਦਰਅਸਲ, ਧੀਰੂਭਾਈ ਅੰਬਾਨੀ ਦੀ ਮੌਤ ਤੋਂ ਬਾਅਦ, ਉਸਦੇ ਦੋਵਾਂ ਪੁੱਤਰਾਂ (ਮੁਕੇਸ਼ ਅੰਬਾਨੀ ਅਤੇ ਅਨਿਲ ਅੰਬਾਨੀ) ਨੇ ਰਿਲਾਇੰਸ ਦੀ ਵਾਗਡੋਰ ਸੰਭਾਲ ਲਈ, ਪਰ ਕੁੱਝ ਸਾਲਾਂ ਵਿਚ ਹੀ ਇਹ ਕੰਪਨੀ ਵੱਖ ਹੋ ਗਈ। ਵੰਡ ਤੋਂ ਬਾਅਦ ਮੁਕੇਸ ਅੰਬਾਨੀ ਨੇ ਅਪਣੇ ਛੋਟੇ ਭਰਾ ਅਨਿਲ ਅੰਬਾਨੀ ਨੂੰ ਪਛਾੜ ਦਿਤਾ। ਹੁਣ ਸਥਿਤੀ ਇਹ ਹੈ ਕਿ ਵੱਡੇ ਭਰਾ ਨੂੰ ਭਾਰਤ ਸਰਕਾਰ ਦੀਆਂ ਨੀਤੀਆਂ ਕਾਰਨ ਕਿਸਾਨ ਅੰਦੋਲਨ ਵਿਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਛੋਟਾ ਭਰਾ ਅਨਿਲ ਪਹਿਲਾਂ ਹੀ ਅਪਣੇ ਆਪ ਨੂੰ ਦੀਵਾਲੀਆ ਕਰਾਰ ਦੇ ਚੁੱਕਾ ਹੈ।
ਅੱਜ ਅਨਿਲ ਅੰਬਾਨੀ ਇਕ ਵਾਰ ਫਿਰ ਸੁਰਖੀਆਂ ਵਿਚ ਹਨ ਅਤੇ ਉਹ ਵੀ ਕਰਜੇ ਕਾਰਨ। ਦਰਅਸਲ, ਇੰਗਲਿਸ ਵੈਬਸਾਈਟ ਬਿਜਨਸ ਇਨਸਾਈਡਰ. ਦੀ ਇਕ ਰੀਪੋਰਟ ਅਨੁਸਾਰ, ਅਨਿਲ ਅੰਬਾਨੀ ਦੀਆਂ ਤਿੰਨ ਕੰਪਨੀਆਂ ’ਤੇ ਬੈਂਕਾਂ ਨਾਲ ਕਥਿਤ ਤੌਰ ’ਤੇ ਠੱਗੀ ਮਾਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਦੇ ਨਾਲ ਹੀ, ਕਰਜੇ ਦੀ ਰਕਮ ਮਾਲਿਆ ਦੁਆਰਾ ਲਏ ਗਏ ਕਰਜੇ ਨਾਲੋਂ ਵੀ ਦਸ ਗੁਣਾ ਵਧੇਰੇ ਹੈ। ਇਸ ਕਰਜੇ ਦੀ ਰਕਮ 86,188 ਕਰੋੜ ਰੁਪਏ ਦੱਸੀ ਜਾ ਰਹੀ ਹੈ। ਰੀਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਨਿਲ ਅੰਬਾਨੀ ਦੀਆਂ ਤਿੰਨ ਕੰਪਨੀਆਂ ਨੇ ਕ੍ਰਮਵਾਰ ਸਟੇਟ ਬੈਂਕ ਆਫ਼ ਇੰਡੀਆ, ਯੂਨੀਅਨ ਬੈਂਕ ਆਫ਼ ਇੰਡੀਆ ਅਤੇ ਇੰਡੀਅਨ ਓਵਰਸੀਜ ਬੈਂਕ ਤੋਂ ਕਰਜਾ ਲਿਆ ਹੈ ਅਤੇ ਇਸ ਨੂੰ ਵਾਪਸ ਨਹੀਂ ਕੀਤਾ।
ਬੈਂਕ ਹੁਣ ਅਨਿਲ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਗਰੁੱਪ ਇਕਾਈਆਂ ’ਤੇ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਵਿਚ ਰਿਲਾਇੰਸ ਕਮਿਉਨੀਕੇਸ਼ਨ, ਰਿਲਾਇੰਸ ਇਨਫ਼ਰਾਟਲ ਅਤੇ ਰਿਲਾਇੰਸ ਟੈਲੀਕਾਮ ਸਾਮਲ ਹਨ। ਉਥੇ ਹੀ, ਸ਼ੋਸ਼ਲ ਮੀਡੀਆ ’ਤੇ ਸੁਚੇਤਾ ਦਲਾਲ, ਜਿਸ ਨੇ ਹਰਸਦ ਮਹਿਤਾ ਘੁਟਾਲੇ ਦਾ ਖੁਲਾਸਾ ਕੀਤਾ ਸੀ। ਉਸਨੇ ਅਪਣੇ ਟਵਿੱਟਰ ਹੈਂਡਲ ’ਤੇ ਇਕ ਸਵਾਲ ਲਿਖਿਆ ਹੈ ਕਿ ਕੋਈ ਅੰਦਾਜਾ ਲਗਾ ਸਕਦਾ ਹੈ ਕਿ ਭਾਰਤ ਦਾ ਸੱਭ ਤੋਂ ਵੱਡਾ ਕਾਰਪੋਰੇਟ ਡਿਫ਼ਾਲਟਰ ਕੌਣ ਹੈ? ਅਤੇ ਸਰਕਾਰ ਵਲੋਂ ਉਸ ਵਿਰੁਧ ਕੋਈ ਕਾਰਵਾਈ ਵੀ ਨਹੀਂ ਕੀਤੀ ਗਈ। (ਏਜੰਸੀ)