ਮਾਲਵਾ ਪੱਟੀ ਦੇ ਸਿਹਤ ਕਾਮਿਆਂ ਵਲੋਂ ਕੋਰੋਨਾ ਟੀਕਾ ਲਵਾਉਣ ਤੋਂ ਇਨਕਾਰ 

ਏਜੰਸੀ

ਖ਼ਬਰਾਂ, ਪੰਜਾਬ

ਮਾਲਵਾ ਪੱਟੀ ਦੇ ਸਿਹਤ ਕਾਮਿਆਂ ਵਲੋਂ ਕੋਰੋਨਾ ਟੀਕਾ ਲਵਾਉਣ ਤੋਂ ਇਨਕਾਰ 

IMAGE

ਪਹਿਲਾਂ ਮੰਗਾਂ ਪੂਰੀਆਂ ਕਰਨ ਦੀ ਕੀਤੀ ਮੰਗ 


ਬਠਿੰਡਾ, 15 ਜਨਵਰੀ (ਸੁਖਜਿੰਦਰ ਮਾਨ/ ਰਾਜ ਕੁਮਾਰ) :  ਪਿਛਲੇ ਇਕ ਸਾਲ ਤੋਂ ਪੂਰੀ ਦੁਨੀਆਂ 'ਚ ਦਹਿਸਤ ਫ਼ਲਾਉਣ ਵਾਲੀ ਕੋਰੋਨਾ ਮਹਾਂਮਾਰੀ ਦੇ ਖ਼ਾਤਮੇ ਲਈ ਦੇਸ਼ 'ਚ ਤਿਆਰ ਕੀਤੇ ਟੀਕੇ ਨੂੰ ਮਾਲਵਾ ਪੱਟੀ ਦੇ ਸਿਹਤ ਕਾਮਿਆਂ ਨੇ ਲਵਾਉਣ ਤੋਂ ਇਨਕਾਰ ਕਰ ਦਿਤਾ ਹੈ | ਕੋਰੋਨਾ ਮਹਾਂਮਾਰੀ ਦੌਰਾਨ ਮੂਹਰਲੀ ਕਤਾਰ 'ਚ ਭੂਮਿਕਾ ਨਿਭਾਉਣ ਵਾਲੇ ਇਨ੍ਹਾਂ ਕਾਮਿਆਂ ਵਲੋਂ ਸਰਕਾਰ ਦੁਆਰਾ ਉਨ੍ਹਾਂ ਦੀਆਂ ਮੰਗਾਂ ਨਾ ਮੰਨਣ ਤੋਂ ਖਫ਼ਾ ਹੋ ਕੇ ਇਹ ਕਦਮ ਚੁੱਕਿਆ ਹੈ | 
   ਸਿਹਤ ਕਾਮਿਆਂ ਨੇ ਐਲਾਨ ਕੀਤਾ ਕਿ ਪਹਿਲਾਂ ਇਸ ਟੀਕੇ ਨੂੰ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਦੇ ਲਾਇਆ ਜਾਵੇ | ਦਸਣਾ ਬਣਦਾ ਹੈ ਕਿ ਦੇਸ਼ ਦੀ ਸੀਰਮ ਇੰਸਟੀਚਿਊਟ ਵਲੋਂ ਤਿਆਰ ਕੀਤੇ ਸਵਦੇਸ਼ੀ ਕੋਵਾਸੀਲਡ ਟੀਕੇ ਦੀ ਪਹਿਲੀ ਖੇਪ ਵਜੋਂ ਬੀਤੇ ਕੱਲ ਹੀ ਬਠਿੰਡਾ 'ਚ 12,430 ਡੋਜ਼ਾਂ ਪੁੱਜੀਆਂ ਹਨ | ਸਿਹਤ ਵਿਭਾਗ ਵਲੋਂ ਤਿਆਰ ਕੀਤੀ ਸੂਚੀ ਮੁਤਾਬਕ ਪਹਿਲਾਂ ਇਹ ਟੀਕਾ ਮੂਹਰਲੀ ਕਤਾਰ 'ਚ ਕੰਮ ਕਰਨ ਵਾਲੇ ਵਲੰਟੀਅਰਾਂ ਦੇ ਲਾਇਆ ਜਾਣਾ ਹੈ, ਜਿਸ ਵਿਚ ਮਲਟੀਪਰਪਜ਼ ਹੈਲਥ ਵਰਕਰ ਮੁੱਖ ਤੌਰ 'ਤੇ ਸ਼ਾਮਲ ਹਨ | ਅੱਜ ਇਥੇ ਸਿਹਤ ਵਿਭਾਗ ਦੀ ਇੰਮਲਾਈਜ਼ ਤਾਲਮੇਲ ਕਮੇਟੀ ਵਲੋਂ ਉਚ ਅਧਿਕਾਰੀਆਂ ਨੂੰ ਦਿਤੇ ਮੰਗ ਪੱਤਰ ਵਿਚ ਦਾਅਵਾ ਕੀਤਾ ਕਿ ਕਰੀਬ ਪੌਣਾ ਸਾਲ ਮਲਟੀਪਰਪਜ਼ ਹੈਲਥ ਵਰਕਰਾਂ ਨੇ ਅਪਣੀਆਂ ਜਾਨ ਜੌਖ਼ਮ ਵਿਚ ਪਾ ਕੇ ਇਸ ਮਹਾਂਮਾਰੀ ਦੌਰਾਨ ਕੰਮ ਕੀਤਾ ਪ੍ਰੰਤੂ ਨਾ ਤਾਂ ਕੱਚੇ ਮਲਟੀਪਰਪਜ਼ ਵਰਕਰਾਂ ਨੂੰ ਪੱਕਾ ਕੀਤਾ ਗਿਆ ਤੇ ਨਾ ਹੀ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਕੋਈ ਵਿਸ਼ੇਸ਼ ਭੱਤਾ ਦਿਤਾ ਗਿਆ | ਇਸ ਮੌਕੇ ਮੰਗ ਪੱਤਰ ਦੇਣ ਵਾਲਿਆਂ ਵਿਚ ਕੁਲਵਿੰਦਰ ਸਿੰਘ ਸਿੱਧੂ, ਗਗਨਦੀਪ ਸਿੰਘ, ਕਰਮਜੀਤ ਸਿੰਘ, ਜਸਵਿੰਦਰ ਸਿੰਘ, ਅਜਮੇਰ ਸਿੰਘ ਤੇ ਇਕਬਾਲ ਸਿੰਘ ਆਦਿ ਹਾਜ਼ਰ ਸਨ | ਇਸ ਦੌਰਾਨ  ਸਿਵਲ ਸਰਜਨ ਨੇ ਸਿਹਤ ਕਾਮਿਆਂ ਨੂੰ ਉਨ੍ਹਾਂ ਦੀਆਂ ਮੰਗਾਂ ਸਿਹਤ ਮੰਤਰੀ ਦੇ ਧਿਆਨ ਵਿਚ ਲਿਆ ਕੇ ਹੱਲ ਕਰਵਾਉਣ ਦਾ ਭਰੋਸਾ ਦਿਤਾ |