ਦਿੱਲੀ ਦਰਬਾਰ ਦੀ ਸਿੱਖ ਧਾਰਮਕ ਮਾਮਲਿਆਂ ਵਿਚ ਦਖ਼ਲ-ਅੰਦਾਜ਼ੀ ਵਿਰੁਧ ਅਕਾਲ ਤਖ਼ਤ ਸਾਹਿਬ ਸਖ਼ਤ ਸਟੈਂਡ ਲਵੇ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਦਰਬਾਰ ਦੀ ਸਿੱਖ ਧਾਰਮਕ ਮਾਮਲਿਆਂ ਵਿਚ ਦਖ਼ਲ-ਅੰਦਾਜ਼ੀ ਵਿਰੁਧ ਅਕਾਲ ਤਖ਼ਤ ਸਾਹਿਬ ਸਖ਼ਤ ਸਟੈਂਡ ਲਵੇ : ਪੰਥਕ ਜਥੇਬੰਦੀਆਂ

image

ਅੰਮ੍ਰਿਤਸਰ, 15 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਸਿੱਖ ਯੂਥ ਆਫ਼ ਪੰਜਾਬ ਵਲੋਂ ਅੱਜ ਨੌਜਵਾਨਾਂ ਦੀ ਇਕ ਇਕੱਤਰਤਾ ਸੱਦੀ ਗਈ ਜਿਸ ਵਿਚ ਭਾਰਤੀ ਸਟੇਟ ਦੀ ਸਿੱਖਾਂ ਦੇ ਧਾਰਮਕ ਮਾਮਲਿਆਂ ਵਿਚ ਸਿੱਧੀ ਦਖ਼ਲਅੰਦਾਜ਼ੀ, ਗ਼ੈਰ-ਸਰਕਾਰੀ ਅਨਸਰਾਂ ਵਲੋਂ ਗੁਰੂ ਗ੍ਰੰਥ ਸਾਹਿਬ ਉਤੇ ਹਮਲੇ ਤੇ ਬੇਅਦਬੀਆਂ, ਆਰ.ਐਸ.ਐਸ/ਭਾਜਪਾ ਵਲੋਂ ਪੰਜਾਬ ਦੀ ਫ਼ਿਜ਼ਾ ਨੂੰ ਹਿੰਦੁਤਵ ਰੰਗ ਵਿਚ ਰੰਗਣ ਦੀ ਸੋਚ ਤੇ ਕੋਸ਼ਿਸ਼, ਨਿਤ ਦਿਨ ਸਿੱਖ ਨੌਜਵਾਨਾਂ ਦੀਆਂ ਕਾਲੇ ਕਾਨੂੰਨ ਯੂ.ਏ.ਪੀ.ਏ ਤਹਿਤ ਗਿ੍ਰਫ਼ਤਾਰੀਆਂ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਰਾਜਸੀ ਕੈਦੀਆਂ ਨਾਲ ਸਰਕਾਰ ਵਲੋਂ ਕੀਤੇ ਜਾ ਰਹੇ ਵਿਤਕਰੇ ਸਬੰਧੀ ਬੰਦੀ ਸਿੰਘਾਂ ਦੇ ਵਕੀਲ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਐਡਵੋਕੇਟ ਸਿਮਰਨਜੀਤ ਸਿੰਘ, ਦਲ ਖ਼ਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਕੰਵਰ ਚੜ੍ਹਤ ਸਿੰਘ ਨੇ ਖੁਲ੍ਹ ਕੇ ਵਿਚਾਰਾਂ ਕੀਤੀਆਂ। 
ਇਸ ਮੌਕੇ ਸਿੱਖ ਯੂਥ ਆਫ਼ ਪੰਜਾਬ ਦੇ ਜਥੇਬੰਦਕ ਢਾਂਚੇ ਦਾ ਪੁਨਰ ਗਠਨ ਵੀ ਕੀਤਾ ਗਿਆ ਅਤੇ ਗੁਰਨਾਮ ਸਿੰਘ ਮੂਨਕਾਂ ਨੂੰ ਸਰਬ-ਸੰਮਤੀ ਨਾਲ ਅਗਲੇ 2 ਸਾਲ ਲਈ ਜਥੇਬੰਦੀ ਦਾ ਪ੍ਰਧਾਨ ਚੁਣਿਆ ਗਿਆ। ਗੁਰਨਾਮ ਸਿੰਘ ਦੀ ਕਿਸਾਨ ਸੰਘਰਸ਼ ਦੌਰਾਨ ਬਹੁਤ ਅਹਿਮ ਭੂਮਿਕਾ ਰਹੀ ਹੈ। ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਕੰਵਰਪਾਲ ਸਿੰਘ ਨੇ ਚੁਣੇ ਹੋਏ ਪ੍ਰਧਾਨ ਗੁਰਨਾਮ ਸਿੰਘ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ। ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਾਰਤੀ ਸਟੇਟ ਦੇ ਦੋਹਰੇ ਮਾਪ-ਦੰਡ ਜੱਗ ਜ਼ਾਹਰ ਹੈ।
ਸਿੱਖ ਯੂਥ ਆਫ਼ ਪੰਜਾਬ ਦੇ ਸੱਦੇ ਤੇ ਆਯੋਜਤ ਨੌਜਵਾਨਾਂ ਦੀ ਇਕੱਤਰਤਾ ਵਿਚ ਪਾਸ ਕੀਤੇ ਮਤਿਆਂ ਵਿਚ ਪਿਛਲੇ ਦਿਨੀਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਅਜੀਮ ਸ਼ਹਾਦਤ ਨੂੰ ਸਮਰਪਿਤ 26 ਦਸੰਬਰ ਨੂੰ ਹਰ ਵਰ੍ਹੇ ਬਾਲ ਦਿਵਸ ਵਜੋਂ ਮਨਾਉਣ ਦੇ ਫ਼ੈਸਲੇ ਨੂੰ ਰੱਦ ਕਰਦਿਆਂ ਕਿਹਾ ਗਿਆ ਕਿ ਸਿੱਖਾਂ ਦੇ ਧਾਰਮਕ ਮਾਮਲਿਆਂ ਬਾਰੇ ਫ਼ੈਸਲਾ ਕਰਨ ਦਾ ਹੱਕ ਖ਼ਾਲਸਾ ਪੰਥ ਦੀਆਂ ਸਮੂਹਕ ਭਾਵਨਾਵਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਰਾਖਵਾਂ ਹੈ ਅਤੇ ਇਸ ਸਬੰਧੀ ਨੌਜਵਾਨਾਂ ਵਲੋਂ ਇਕ ਪਟੀਸਨ ਵੀ ਅਕਾਲ ਤਖ਼ਤ ਸਾਹਿਬ ’ਤੇ ਦਾਖ਼ਲ ਕਰਵਾਈ ਜਾਵੇਗੀ ਜਿਸ ਵਿਚ ਮੰਗ ਕੀਤੀ ਜਾਵੇਗੀ ਕਿ ਦਿੱਲੀ ਸਟੇਟ ਦੀ ਧਾਰਮਕ ਮਾਮਲਿਆਂ ਦੀ ਦਖ਼ਲ-ਅੰਦਾਜ਼ੀ ਨੂੰ ਰੋਕਣ ਲਈ ਅਕਾਲ ਤਖ਼ਤ ਸਾਹਿਬ ਤੋਂ ਸਖ਼ਤ ਸੰਦੇਸ਼ ਦਿਤੇ ਜਾਣ।