ਬਲਬੀਰ ਰਾਜੇਵਾਲ ਨੇ ਸਾਂਝੀ ਕੀਤੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਬਣਾਈ ਅਪਣੀ ਵਿਓਤਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਸੀਂ ਅਸੂਲਾਂ ਵਾਲੀ ਸਿਆਸਤ ਕਰਾਂਗੇ - ਸ਼ਰਾਬ, ਭੁੱਕੀ ਆਦਿ ਨਸ਼ੇ ਨਹੀਂ ਵੰਡਾਂਗੇ ਤੇ ਨਾ ਹੀ ਸਾਡੇ ਕੋਲ ਇਹ ਸਭ ਕੁੱਝ ਵੰਡਣ ਲਈ ਪੈਸੇ ਹਨ

Balbir Rajewal

 

• ਦਿੱਲੀ ਦੇ ਬਾਰਡਰਾਂ ’ਤੇ ਲੜੇ ਅਤੇ ਜਿੱਤੇ ਗਏ ਮਹਾਂਯੁੱਧ ਵਿਚ ਪ੍ਰਤੱਖ ਰੂਪ ਵਿਚ ਦੋ ਧਿਰਾਂ ਸਨ - ਇਕ ਸੀ ਲੋਕਾਂ ਦੀ ਧਿਰ, ਜਿਸ ਦੀ ਪ੍ਰਤੀਨਿਧਤਾ ਦੇਸ਼ ਭਰ ਦੇ ਕਿਸਾਨ, ਮਜ਼ਦੂਰ ਅਤੇ ਆਮ ਲੋਕ ਕਰਦੇ ਸੀ ਤੇ ਦੂਜੀ ਸੀ ਸੱਤਾਧਾਰੀ ਧਿਰ ਜੋ ਪਾਰਲੀਆਮੈਂਟ ਵਿਚ ਦੋ-ਤਿਹਾਈ ਬਹੁਸੰਮਤੀ ਸਦਕਾ ਮਨਮਰਜ਼ੀਆਂ ਕਰਨ ’ਤੇ ਉਤਾਰੂ ਸੀ। ( ਇਲੈਕਟਰਾਨਿਕ ਮੀਡੀਆ ਦੇ ਸਭ ਸਾਧਨ  ਇਸ ਧਿਰ ਨੂੰ ਸੁਪੋਰਟ ਕਰਦੇ ਹਨ, ਦਿਮਾਗ ਅਤੇ ਆਰਗੇਨਾਈਜ਼ੇਸ਼ਨ ਆਰਐਸੈਐਸ ਦੀ ਹੈ, ਧੰਨ-ਦੌਲਤ ਅਤੇ ਹੋਰ ਸਾਧਨ ਕਾਰਪੋਰੇਟ ਮੁਹੱਈਆ ਕਰਵਾਉਂਦਾ ਹੈ) 

• ਸਾਡੀ ਲੜਾਈ ਛੋਟੀ (ਨਾਨਕਸ਼ਾਹੀ) ਖੇਤੀ ਅਤੇ ਪਬਲਿਕ ਡਿਸਟਰੀਬਿਊਸ਼ਨ ਸਿਸਟਮ ਨੂੰ ਬਚਾਉਣ ਲਈ ਸੀ ਅਤੇ ਇਹ ਲੜਾਈ ਮੁੱਕੀ ਨਹੀਂ - ਜਾਰੀ ਹੈ, ਭਾਵੇਂ ਕਿ ਇਸ ਵਿਚ ਕੁਝ ਵਿਰਾਮ ਆਇਆ ਹੈ।  
• ਸਾਡੀ ਇਹ ਲੜਾਈ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਹੀ ਨਹੀਂ, ਫੈਡਰਲਿਜ਼ਮ ਦੇ ਸਿਧਾਂਤਾ ਦੀ ਰਾਖੀ ਲਈ ਵੀ ਸੀ ਅਤੇ ਹੈ। 

• ਇਸ ਲੜਾਈ ਨਾਲ ਲੋਕਤੰਤਰੀ ਮੁੱਲਾਂ ਤੇ ਕਦਰਾਂ ਕੀਮਤਾਂ ਦਾ ਹੋ ਰਿਹਾ ਘਾਣ, ਲੋਕਾਂ ਨੂੰ ਧਰਮ ਦੇ ਅਧਾਰ ਤੇ ਵੰਡਣ ਅਤੇ ਵੋਟਾਂ ਬਟੋਰਨ ਦਾ ਭਾਜਪਾ ਦਾ ਪੈਂਤੜਾ ਵੀ ਫੋਕਸ ਵਿਚ ਰਿਹਾ ਹੈ। 
• ਇਸ ਲੜਾਈ ਨਾਲ ਆਮ ਲੋਕਾਂ ਦੀ ਐਜੂਕੇਸ਼ਨ ਹੋਈ ਹੈ ਅਤੇ ਉਨ੍ਹਾਂ ਦੇ ਸਬਰ ਦੀ ਅਜ਼ਮਾਇਸ਼ ਵੀ ਹੋਈ ਹੈ (ਅਤੇ ਉਹ ਪੂਰੇ ਨੰਬਰ ਲੈ ਕੇ ਪਾਸ ਹੋਏ ਹਨ)।
• ਮੋਰਚੇ ਦੀ ਸਫਲਤਾ ਵਿਚ ਵੱਡਾ ਯੋਗਦਾਨ ਸਾਡੇ ਸ਼ਾਂਤਮਈ ਰਹਿਣ ਦਾ ਸੀ। ਅਸੀਂ ਸੱਤਾਧਾਰੀ ਧਿਰ ਦੀਆਂ ਅਨੇਕਾਂ ਕੋਸ਼ਿਸ਼ਾਂ ਦੇ ਬਾਵਜੂਦ ਭੜਕਾਹਟ ਵਿਚ ਨਹੀਂ ਆਏ।

• ਸਾਨੂੰ ਤੋੜਨ ਅਤੇ ਪੰਧ ਤੋਂ ਥਿੜਕਾਉਣ ਲਈ ਮਨੋਵਿਗਿਆਨਕ ਹਮਲੇ ਵੀ ਹੋਏ, ਜੋ ਵਾਹਿਗੁਰੂ ਦੀ ਕਿਰਪਾ ਸਦਕਾ ਸਫ਼ਲ ਨਹੀਂ ਹੋਏ। 
• ਸਾਨੂੰ ਅੰਦੋਲਨਜੀਵੀ, ਪਰਜੀਵੀ, ਅਤਿਵਾਦੀ, ਖਾਲਿਸਤਾਨੀ, ਟੁਕੜੇ-ਟੁਕੜੇ ਗੈਂਗ, ਕਾਮਰੇਡ, ਨਕਸਲੀ ਆਦਿ ਵੀ ਕਿਹਾ ਗਿਆ ਅਤੇ ਸਾਨੂੰ ਮੁੱਖ ਧਾਰਾ ਤੋਂ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਜੋ ਅਸਫ਼ਲ ਨਹੀਂ ਹੋਈ। ਗੋਦੀ ਮੀਡੀਆ, ਸਰਕਾਰੀ ਤੰਤਰ, ਨਿੱਤ ਦਿਹਾੜੇ ਦੀਆਂ ਸਾਜਸ਼ਾਂ ਸਾਡਾ ਮਨੋਬਲ ਡੇਗਣ ਵਿਚ ਕਾਮਯਾਬ ਨਹੀਂ ਹੋਈਆਂ।
• ਗੁਰੂ ਨਾਨਕ ਸਾਹਿਬ ਦੀ ਮਿਹਰ ਸਾਡੇ ਉੱਪਰ ਬਣੀ ਰਹੀ, ਪੰਗਤ ਅਤੇ ਸੰਗਤ ਦਾ ਗੁਰਮਤ ਦਾ ਸਿਧਾਂਤ ਸਾਡੀ ਢਾਲ ਬਣਿਆ, ਸਾਡਾ ਆਸਰਾ ਬਣਿਆ ਅਤੇ ਫ਼ਤਹਿ ਹਾਸਲ ਕਰਨ ਦਾ ਸੱਭ ਤੋਂ ਵੱਡਾ ਸਬੱਬ ਬਣਿਆ। ਦਿੱਲੀ ਦੇ ਬਾਰਡਰਾਂ ਤੇ ਲੋਹਾਂ ਤਪਦੀਆਂ ਰਹੀਆਂ - ਦੇਗਾਂ ਚੜ੍ਹਦੀਆਂ ਰਹੀਆਂ - ਮੋਰਚੇ ਵਿਚੋਂ ਕੋਈ ਭੁੱਖਾ ਨਹੀਂ ਮੁੜਿਆ ਅਤੇ ਹਰ ਇਕ ਬੰਦੇ ਦੀਆਂ ਮੁਢਲੀਆਂ ਜ਼ਰੂਰਤਾਂ, ਬਾਬੇ ਨਾਨਕ ਦੀ ਮਿਹਰ ਸਦਕਾ ਪੂਰੀਆਂ ਹੁੰਦੀਆਂ ਰਹੀਆਂ।

• ਭਾਵੇਂ ਕਿ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਇਕ ਨਵਾਂ ਪਲੇਟਫਾਰਮ ਬਣਾ ਕੇ ਇਲੈਕਸ਼ਨ ਲੜ ਰਹੀਆਂ ਨੇ, ਅਸੀਂ ਆਪਣਾ ਕਿਸਾਨ ਯੂਨੀਅਨਾਂ ਵਾਲਾ ਜਥੇਬੰਦਕ ਸਰੂਪ ਨਹੀਂ ਤਿਆਗਿਆ ਅਤੇ ਨਾ ਹੀ ਸਾਡਾ ਸੰਘਰਸ਼ ਵਿਚੋਂ ਵਿਸ਼ਵਾਸ ਡੋਲਿਆ ਹੈ - ਅਸੀਂ ਸੰਯੁਕਤ ਕਿਸਾਨ ਮੋਰਚੇ ਦਾ ਹਰ ਹੁਕਮ ਮੰਨਾਂਗੇ ਅਤੇ ਇਸ ਦੇ ਪ੍ਰੋਗਰਾਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲਵਾਂਗੇ ਪਰ ਇਲੈਕਸ਼ਨਾਂ ਵਿਚ ਇਸ ਦੇ ਨਾਮ ਦੀ ਵਰਤੋਂ ਨਹੀਂ ਕਰਾਗੇ - ਇਹ ਸਾਡਾ ਵਾਅਦਾ ਹੈ।
• ਅਸੀਂ ਅਸੂਲਾਂ ਵਾਲੀ ਸਿਆਸਤ ਕਰਾਂਗੇ - ਸ਼ਰਾਬ, ਭੁੱਕੀ ਆਦਿ ਨਸ਼ੇ ਨਹੀਂ ਵੰਡਾਂਗੇ, ਨਾ ਤਾਂ ਸਾਡੇ ਕੋਲ ਪੈਸੇ ਹਨ ਅਤੇ ਨਾ ਹੀ ਵੰਡਾਂਗੇ। ਅਸੀਂ ਲੋਕਾਂ ਨੂੰ ਲੋਕਾਂ ਨਾਲੋਂ  ਤੋੜਨ ਦੀ ਸਿਆਸਤ ਨਹੀਂ ਕਰਾਂਗੇ - ਸੰਗਠਿਤ ਅਤੇ ਕਦਰਾਂ ਕੀਮਤਾਂ ਨੂੰ ਪ੍ਰਣਾਇਆ ਸਮਾਜ ਸਾਡਾ ਟੀਚਾ ਹੈ। 

• ਅਸੀਂ ਭਾਸ਼ਾ ਦੀ ਮਰਯਾਦਾ ਨਹੀਂ ਭੁਲਾਂਗੇ ਅਤੇ ਦੂਸ਼ਣਬਾਜ਼ੀ ਵਾਲੀ ਨੈਗੇਟਿਵ ਸਿਆਸਤ ਤੋਂ ਗੁਰੇਜ਼ ਕਰਾਂਗੇ। ਅਸੀਂ ਪਾਜ਼ੇਟਿਵ ਸਿਆਸਤ ਕਰਾਂਗੇ - ਜੇ ਤੁਹਾਨੂੰ ਅਸੀਂ ਥਿੜਕਦੇ ਲੱਗੇ ਤਾਂ ਸਾਨੂੰ ਤੁਸੀਂ ਟੋਕ ਵੀ ਸਕਦੇ ਹੋ। ਸੋਸ਼ਲ ਮੀਡੀਆ ਰਾਹੀਂ ਹਰ ਕੋਈ ਆਪਣੀ ਗੱਲ ਸਾਡੇ ਕੋਲ ਪਹੁੰਚਾ ਸਕਦਾ ਹੈ - ਸੋਸ਼ਲ ਮੀਡੀਆ ਨੇ ਚੈਨਲਾਂ ਦੀ ਇਜਾਰੇਦਾਰੀ ਖਤਮ ਕਰ ਦਿੱਤੀ ਹੈ। 
• ਜਲਦੀ ਹੀ ਸਾਡਾ ਪ੍ਰੋਗਰਾਮ ਅਤੇ ਪਾਲਿਸੀ ਡਾਕੂਮੈਂਟ ਤੁਹਾਡੇ ਹੱਥਾਂ ਵਿਚ ਹੋਵੇਗਾ - ਇਹ ਇਕ ਓਪਨ ਡਾਕੂਮੈਂਟ ਹੋਵੇਗਾ, ਜਿਸ ਵਿਚ ਸੁਧਾਰ ਅਤੇ ਵਾਧੇ ਦੀ ਆਪਸ਼ਨ ਬੰਦ ਨਹੀਂ ਕੀਤੀ ਜਾਵੇਗੀ। ਅਸੀਂ ਇਸ ਸਬੰਧੀ ਤੁਹਾਡੇ ਕੋਲੋਂ ਸੁਝਾਅ ਮੰਗਾਂਗੇ।
• ਇਲੈਕਸ਼ਨਾਂ ਦੇ ਕੰਮ ਵਿਚ ਅਸੀਂ ਨਵੇਂ ਹਾਂ, ਸਾਨੂੰ ਤੁਹਾਡੇ ਤਜਰਬੇ, ਅਗਵਾਈ ਅਤੇ ਸਹਿਯੋਗ ਦੀ ਅਤਿਅੰਤ ਲੋੜ ਹੈ। ਤੁਸੀਂ ਹੀ ਸਾਡੇ ਮੂੰਹ-ਕੰਨ-ਅੱਖਾਂ ਹੋ - ਕ੍ਰਿਪਾ ਕਰਕੇ ਆਪਣਾ ਨੈਤਿਕ ਫ਼ਰਜ਼ ਸਮਝ ਕੇ ਸੰਯੁਕਤ ਸਮਾਜ ਮੋਰਚੇ ਦੇ ਕੈਂਡੀਡੇਟਸ ਦੀ ਸੁਪੋਰਟ ਕਰੋ- ਬਲਬੀਰ ਸਿੰਘ ਰਾਜੇਵਾਲ