ਦਿੱਲੀ ਦੀ ਗਾਜ਼ੀਪੁਰ ਫੁੱਲ ਮੰਡੀ ’ਚ ਆਈ.ਈ.ਡੀ. ਮਿਲਣ ਤੋਂ ਬਾਅਦ ਸੁਰੱਖਿਆ ਕੀਤੀ ਸਖ਼ਤ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਦੀ ਗਾਜ਼ੀਪੁਰ ਫੁੱਲ ਮੰਡੀ ’ਚ ਆਈ.ਈ.ਡੀ. ਮਿਲਣ ਤੋਂ ਬਾਅਦ ਸੁਰੱਖਿਆ ਕੀਤੀ ਸਖ਼ਤ

image

ਨਵੀਂ ਦਿੱਲੀ, 15 ਜਨਵਰੀ : ਦਿੱਲੀ ਦੀ ਗਾਜੀਪੁਰ ਫੁੱਲ ਮੰਡੀ ’ਚ ਇਕ ਲਾਵਾਰਸ ਬੈਗ ’ਚ ਆਰ.ਡੀ.ਐਕਸ ਅਤੇ ਅਮੋਨੀਅਨ ਨਾਈਟ੍ਰੇਟ ਨਾਲ ਭਰਿਆ ਆਈ.ਈ.ਡੀ. ਮਿਲਣ ਦੇ ਇਕ ਦਿਨ ਬਾਅਦ ਉੱਥੇ ਸੁਰੱਖਿਆ ਸਖ਼ਤ ਕਰ ਦਿਤੀ ਗਈ ਹੈ। 
ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਨੇ ਦਸਿਆ ਕਿ ਆਈ.ਡੀ.ਈ. ਸ਼ੁਕਰਵਾਰ ਦੁਪਹਿਰ ਕਰੀਬ 1.30 ਵਜੇ ਨਕਾਰਾ ਕਰ ਦਿਤਾ ਗਿਆ। ਉਨ੍ਹਾਂ ਦਸਿਆ ਕਿ ਰਾਸ਼ਟਰੀ ਰਾਜਧਾਨੀ ’ਚ ਕੋਰੋਨਾ ਪਾਬੰਦੀਆਂ ਤੋਂ ਫੁੱਲ ਮੰਡੀ ਨੂੰ ਛੋਟ ਨਹੀਂ ਦਿਤੀ ਗਈ ਹੈ ਪਰ ਫਲ ਅਤੇ ਸਬਜ਼ੀ ਮੰਡੀ ਨੂੰ ਛੋਟ ਦਿਤੀ ਗਈ ਹੈ। ਐਡੀਸ਼ਨਲ ਪੁਲਿਸ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ,‘‘ਬਾਜ਼ਾਰ ’ਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿਤੀ ਗਈ ਹੈ। ਫਲ ਅਤੇ ਸਬਜ਼ੀ ਬਾਜ਼ਾਰ ਖੁਲ੍ਹਾ ਹੈ, ਕਿਉਂਕਿ ਇਹ ਛੋਟ ਪ੍ਰਾਪਤ ਸ਼੍ਰੇਣੀ ’ਚ ਆਉਂਦੀ ਹੈ। ਲੋਕਾਂ ਨੂੰ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।’’ 
ਪੁਲਿਸ ਨੇ ਦਸਿਆ ਕਿ ਫੁੱਲ ਖ਼੍ਰੀਦਣ ਆਏ ਇਕ ਵਿਅਕਤੀ ਨੇ ਅਪਣੀ ਸਕੂਟੀ ਕੋਲ ਇਕ ਸੁਨਸਾਨ ਜਗ੍ਹਾ ’ਤੇ ਸ਼ੱਕੀ ਲਾਵਾਰਸ ਬੈਗ ਦੇਖਿਆ। ਇਸ ਤੋਂ ਬਾਅਦ ਉਸ ਨੇ ਨੇੜੇ-ਤੇੜੇ ਦੇ ਲੋਕਾਂ ਨੂੰ ਇਸ ਦੀ ਸੂਚਨਾ ਦਿਤੀ ਅਤੇ ਉੱਥੇ ਤਾਇਨਾਤ ਦਿੱਲੀ ਹੋਮਗਾਰਡ ਨੂੰ ਵੀ ਸੂਚਨਾ ਦਿਤੀ ਗਈ। ਇਸ ਤੋਂ ਬਾਅਦ ਉਸ ਵਿਅਕਤੀ ਨੇ ਦੁਪਹਿਰ 10.30 ਵਜੇ ਦੇ ਨੇੜੇ-ਤੇੜੇ ਇਕ ਪੀ.ਸੀ.ਆਰ. ਫੋਨ ਕੀਤਾ। (ਏਜੰਸੀ)