ਭਾਜਪਾ ’ਚ ਸਿੱਖਾਂ ਦਾ ਸ਼ਾਮਲ ਹੋਣ ਦਾ ਰੁਝਾਨ ਗ਼ਲਤ : ਧਾਮੀ
ਭਾਜਪਾ ’ਚ ਸਿੱਖਾਂ ਦਾ ਸ਼ਾਮਲ ਹੋਣ ਦਾ ਰੁਝਾਨ ਗ਼ਲਤ : ਧਾਮੀ
ਸ੍ਰੀ ਅਨੰਦਪੁਰ ਸਾਹਿਬ, 15 ਜਨਵਰੀ (ਸੁਖਵਿੰਦਰਪਾਲ ਸਿੰਘ ਸੁੱਖੂ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਸਾਹਿਬਜ਼ਾਦਿਆਂ ਦੀ ਯਾਦ ਵਿਚ ‘ਵੀਰ ਬਾਲ ਦਿਵਸ’ ਨਾਮ ਦਿਤਾ ਗਿਆ ਹੈ ਜੋ ਸਾਨੂੰ ਮਨਜ਼ੂਰ ਨਹੀਂ, ਇਸ ਨੂੰ ਵਾਪਸ ਕੀਤਾ ਜਾਵੇ ਤੇ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਕਮੇਟੀ ਬਣਾਵਾਂਗੇ ਤੇ ਉਹ ਜੋ ਨਾਮ ਤਜਵੀਜ਼ ਕਰੇਗੀ ਉਹ ਨਾਮ ਰਖਿਆ ਜਾਵੇ।
ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਕਿਹਾ ਕਿ ਦਿੱਲੀ ਤੋਂ ਸ਼ੁਰੂ ਹੋਏ ਮੁਹਾਜ਼ ਜਿਸ ਵਿਚ ਸਾਡੀ ਭਾਈਵਾਲ ਪਾਰਟੀ ਰਹਿ ਚੁੱਕੀ ਭਾਜਪਾ ਵਲ ਸਿੱਖਾਂ ਦਾ ਰੁਝਾਨ ਗ਼ਲਤ ਹੈ। ਆਮ ਆਦਮੀ ਪਾਰਟੀ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਿੱਖ ਹੀ ਮੁੱਖ ਮੰਤਰੀ ਬਣਦਾ ਰਿਹਾ ਹੈ ਪਰ ਹੁਣ ਦਿੱਲੀ ਸਰਕਾਰ ਵਲੋਂ ਗ਼ੈਰ ਸਿੱਖ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਜੋ ਮਨਜ਼ੂਰ ਨਹੀਂ ਕਰਨਾ ਚਾਹੀਦਾ।
ਧਾਮੀ ਨੇ ਕੇਜਰੀਵਾਲ ਵਿਰੁਧ ਬੋਲਦਿਆਂ ਕਿਹਾ ਕਿ ਉਹ ਨਾ ਕਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਸਬੰਧੀ ਬੋਲੇ, ਨਾ ਬੰਦੀ ਸਿੰਘਾਂ ਦੀ ਰਿਹਾਈ ਲਈ, ਦਿੱਲੀ ਵਿਚ ਬਣਾਈ ਕੈਬਨਿਟ ਵਿਚ ਉਨ੍ਹਾਂ ਕਿਸੇ ਸਿੱਖ ਨੂੰ ਨਹੀਂ ਲਿਆ। ਸ਼੍ਰੋਮਣੀ ਅਕਾਲੀ ਦਲ ਵਲੋਂ ਡਿਪਟੀ ਮੁੱਖ ਮੰਤਰੀ ਗ਼ੈਰ ਸਿੱਖ ਬਣਾਉਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਡਿਪਟੀ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਅਕਾਲੀ ਦਲ ਵਿਚ ਗ਼ੈਰ ਸਿੱਖਾਂ ਨੂੰ ਨੁਮਾਇੰਦਗੀ ਦੇਣ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਰਾਜਸੀ ਜਥੇਬੰਦੀ ਹੈ ਇਸ ਵਿਚ ਕੋਈ ਵੀ ਆ ਸਕਦਾ ਹੈ ਪਰ ਉਨ੍ਹਾਂ ਫਿਰ ਕਿਹਾ ਕਿ ਮੁੱਖ ਮੰਤਰੀ ਸਿੱਖ ਚਿਹਰਾ ਹੀ ਹੋਣਾ ਚਾਹੀਦਾ ਹੈ। ਧਾਮੀ ਵਲੋਂ ਸਿੱਖ ਭਾਜਪਾ ਵਿਚ ਨਾ ਜਾਣ ਦੀ ਅਪੀਲ ਬਾਰੇ ਜਦੋਂ ਧਾਮੀ ਨੂੰ ਪੁਛਿਆ ਗਿਆ ਕਿ ਦਮਦਮੀ ਟਕਸਾਲ ਦੇ ਇਕ ਆਗੂ ਵਲੋਂ ਭਾਜਪਾ ਵਿਚ ਚਲੇ ਜਾਣ ਬਾਰੇ ਤੁਹਾਡਾ ਕੀ ਕਹਿਣਾ ਹੈ ਤਾਂ ਧਾਮੀ ਨੇ ਟਾਲ ਮਟੋਲ ਕਰਦਿਆਂ ਜੁਆਬ ਨਾ ਦਿਤਾ।
ਇਸ ਮੌਕੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਧਰਮ ਪ੍ਰਚਾਰ ਸਕੱਤਰ ਪਰਮਜੀਤ ਸਿੰਘ ਸਰੋਆ, ਜੂਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ, ਭਾਈ ਦਲਜੀਤ ਸਿੰਘ ਭਿੰਡਰ, ਮੈਨੇਜਰ ਮਲਕੀਤ ਸਿੰਘ ਆਦਿ ਹਾਜ਼ਰ ਸਨ।