ਮਰੀਜ਼ ਬਣ ਕੇ ਡਾਕਟਰ ਨੂੰ ਗੋਲੀ ਮਾਰਨ ਦਾ ਮਾਮਲਾ: ਮਾਸਟਰਮਾਈਂਡ ਪ੍ਰਦੀਪ ਸਿੰਘ ਸਮੇਤ 7 ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਦੋ ਪਿਸਤੌਲ ਅਤੇ ਕਾਰਤੂਸ ਵੀ ਹੋਏ ਬਰਾਮਦ
ਜੇਲ੍ਹ 'ਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਨਾਲ ਸਬੰਧਤ ਹੈ ਗੈਂਗ
ਬਠਿੰਡਾ : ਤਲਵੰਡੀ ਸਾਬੋ ਦੇ ਰਾਜ ਨਰਸਿੰਗ ਹੋਮ ਦੇ ਡਾਕਟਰ ਦਿਨੇਸ਼ ਬਾਂਸਲ 'ਤੇ 3 ਲੱਖ ਦੀ ਫਿਰੌਤੀ ਨਾ ਦੇਣ ਦੇ ਚਲਦੇ ਦੋ ਗੈਂਗਸਟਰਾਂ ਨੇ ਗੋਲੀ ਚਲਾਈ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਏ। ਦੱਸ ਦੇਈਏ ਕਿ ਉਕਤ ਬਦਮਾਸ਼ਾਂ ਨੇ ਡਾਕਟਰ ਦੇ ਕਲੀਨਿਕ ਵਿੱਚ ਮਰੀਜ਼ ਵਜੋਂ ਦਾਖਲ ਹੋ ਕੇ ਗੋਲੀ ਚਲਾਈ ਜਿਸ 'ਤੇ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਛਾਪੇਮਾਰੀ ਸ਼ੁਰੂ ਕੀਤੀ ਸੀ।
ਇਸ ਮਾਮਲੇ ਵਿੱਚ ਪੁਲਿਸ ਨੇ ਮੁੱਖ ਸਾਜ਼ਿਸ਼ਘਾੜੇ ਸਮੇਤ 7 ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਇਸ ਵਾਰਦਾਤ ਤੋਂ ਬਾਅਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਨੇ ਪਹਿਲਾਂ ਸ਼ਨੀਵਾਰ ਦੇਰ ਰਾਤ ਤੱਕ ਮੁਹਿੰਮ ਚਲਾਈ ਜਿਥੇ ਕਰੀਬ 9 ਵਜੇ ਬਠਿੰਡਾ ਪੁਲਿਸ ਅਤੇ ਗੈਂਗਸਟਾਂ ਵਿਚਕਾਰ ਪਿੰਡ ਗੁਰੂਸਰ ਨਜ਼ਦੀਕ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿੱਚ ਬਦਮਾਸ਼ ਬਿੰਨੂ ਸਿੰਘ ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ ਜ਼ਖਮੀ ਹੋ ਗਿਆ। ਜਿਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।
ਇਸ ਤੋਂ ਬਾਅਦ ਦੇਰ ਰਾਤ ਜਾਰੀ ਰਹੇ ਪੁਲਿਸ ਅਪ੍ਰੇਸ਼ਨ ਮਗਰੋਂ ਮਾਸਟਰਮਾਈਂਡ ਪ੍ਰਦੀਪ ਸਿੰਘ ਸਮੇਤ 7 ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਦੋ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਇਸ ਮਾਮਲੇ ਵਿੱਚ ਖੁਲਾਸਾ ਕਰਦਿਆਂ ਆਈਜੀ ਬਠਿੰਡਾ ਰੇਂਜ ਐਸਪੀਐਸ ਪਰਮਾਰ ਨੇ ਦੱਸਿਆ ਕਿ ਇਸ ਗੈਂਗ ਦਾ ਸਬੰਧ ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਨਾਲ ਹੈ। ਆਈਜੀ ਨੇ ਦੱਸਿਆ ਕਿ ਬਠਿੰਡਾ ਪੁਲਿਸ ਨੇ ਇਸ ਗੈਂਗ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਜੇਕਰ ਇਸ ਗੈਂਗ ਵਿੱਚ ਹੋਰ ਲੋਕਾਂ ਦਾ ਨਾਮ ਸਾਹਮਣੇ ਆਇਆ ਤਾਂ ਉਨ੍ਹਾਂ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ।