SGPC Fake Account: ਐਕਸ/ਟਵਿੱਟਰ ਨੇ ਸ਼੍ਰੋਮਣੀ ਕਮੇਟੀ ਦੇ ਨਾਂ ’ਤੇ ਚੱਲ ਰਿਹਾ ਫ਼ਰਜ਼ੀ ਖਾਤਾ ਕੀਤਾ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਨੂੰਨੀ ਨੋਟਿਸ ਭੇਜਣ ਮਗਰੋਂ ਕੀਤੀ ਕਾਰਵਾਈ

SGPC

SGPC Fake Account:  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ/ਟਵਿੱਟਰ ਨੂੰ ਭੇਜੇ ਕਾਨੂੰਨੀ ਨੋਟਿਸ ਮਗਰੋਂ ਕੰਪਨੀ ਵਲੋਂ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਨਾਂ ’ਤੇ ਬਣਾਏ ਗਏ ਇਕ ਫ਼ਰਜ਼ੀ/ਪੈਰੋਡੀ ਖਾਤੇ @SGPCAmritsar_ ਨੂੰ ਬੰਦ ਕਰ ਦਿਤਾ ਗਿਆ ਹੈ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਅਤੇ ਬੁਲਾਰੇ  ਹਰਜਭਨ ਸਿੰਘ ਵਕਤਾ ਨੇ ਦਿਤੀ ਹੈ।

ਉਨ੍ਹਾਂ ਦਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ’ਤੇ ਇਸ ਪੈਰੋਡੀ ਖਾਤੇ ਰਾਹੀਂ ਐਕਸ/ਟਵਿੱਟਰ ’ਤੇ ਸਿੱਖ ਸੰਸਥਾ ਅਤੇ ਸਿੱਖ ਕੌਮ ਵਿਰੁਧ ਨਫ਼ਰਤੀ ਪ੍ਰਚਾਰ ਕੀਤਾ ਜਾ ਰਿਹਾ ਸੀ, ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲੈਂਦਿਆਂ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਲਿਆ ਸੀ। ਉਨ੍ਹਾਂ ਦਸਿਆ ਕਿ ਮੁੱਢਲੇ ਤੌਰ ’ਤੇ ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਰਾਹੀਂ ਭੇਜੇ ਗਏ ਕਾਨੂੰਨੀ ਨੋਟਿਸ ਮਗਰੋਂ ਬੀਤੇ ਕੱਲ੍ਹ ਐਕਸ ਵਲੋਂ ਇਹ ਫ਼ਰਜ਼ੀ ਖਾਤਾ ਬੰਦ ਕਰਨ ਦੀ ਜਾਣਕਾਰੀ ਬਾਰੇ ਇਕ ਈਮੇਲ ਪ੍ਰਾਪਤ ਹੋਈ ਹੈ।

ਵਕਤਾ ਨੇ ਕਿਹਾ ਹਾਲਾਂਕਿ ਐਕਸ/ਟਵਿੱਟਰ ਵਲੋਂ ਸ਼੍ਰੋਮਣੀ ਕਮੇਟੀ ਦੇ ਨਾਂ ’ਤੇ ਫ਼ਰਜ਼ੀ/ਪੈਰੋਡੀ ਖਾਤਾ ਬੰਦ ਕਰ ਦਿਤਾ ਗਿਆ ਹੈ, ਪਰ ਇਸ ਨੂੰ ਚਲਾਉਣ ਵਾਲੇ ਸ਼ਰਾਰਤੀ ਅਨਸਰਾਂ ਦਾ ਪਤਾ ਲਗਾਉਣ ਬਾਰੇ ਵੀ ਕਾਰਵਾਈ ਜਾਰੀ ਰੱਖੀ ਜਾਵੇਗੀ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿਰਦੇਸ਼ਾਂ ਅਨੁਸਾਰ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਅਗਲੀ ਕਾਰਵਾਈ ਕਰਨਗੇ।