ਪੁਲਵਾਮਾ ਦੇ ਸ਼ਹੀਦਾਂ 'ਚ ਪੰਜਾਬ ਦੇ ਚਾਰ ਜਵਾਨ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਚਾਰ ਸੀ.ਆਰ.ਪੀ.ਐਫ਼. ਜਵਾਨਾਂ ਦੀ ਮੌਤ ਨਾਲ ਉਨ੍ਹਾਂ ਦੇ ਪ੍ਰਵਾਰ ਅਤੇ ਪਿੰਡ ਵਾਲੇ ਦੁੱਖ 'ਚ ਡੁੱਬੇ ਹੋਏ ਹਨ ਅਤੇ ਨਾਲ ਹੀ ਪੁਲਵਾਮਾ ਹਮਲੇ ਨੂੰ.....

Four jawans of Punjab in Pulwama martyrs

ਚੰਡੀਗੜ੍ਹ : ਪੰਜਾਬ ਦੇ ਚਾਰ ਸੀ.ਆਰ.ਪੀ.ਐਫ਼. ਜਵਾਨਾਂ ਦੀ ਮੌਤ ਨਾਲ ਉਨ੍ਹਾਂ ਦੇ ਪ੍ਰਵਾਰ ਅਤੇ ਪਿੰਡ ਵਾਲੇ ਦੁੱਖ 'ਚ ਡੁੱਬੇ ਹੋਏ ਹਨ ਅਤੇ ਨਾਲ ਹੀ ਪੁਲਵਾਮਾ ਹਮਲੇ ਨੂੰ ਲੈ ਕੇ ਉਨ੍ਹਾਂ ਦਾ ਖ਼ੂਨ ਉਬਾਲੇ ਖਾ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦਿਤਾ ਜਾਵੇ। ਕੇਂਦਰੀ ਰਿਜ਼ਰਵ ਨੀਮਫ਼ੌਜੀ ਬਲ (ਸੀ.ਆਰ.ਪੀ.ਐਫ਼.) ਦੇ ਕਾਫ਼ਲੇ 'ਤੇ ਵੀਰਵਾਰ ਨੂੰ ਹੋਏ ਹਮਲੇ 'ਚ ਮਾਰੇ ਗਏ 40 ਜਵਾਨਾਂ 'ਚੋਂ ਚਾਰ ਪੰਜਾਬ ਦੇ ਸਨ। ਮੋਗਾ ਦੇ ਕੋਟ ਈਸੇ ਖ਼ਾਲ ਪਿੰਡ ਦੇ ਜੈਮਲ ਸਿੰਘ, ਤਰਨਤਾਰਨ 'ਚ ਗਾਂਧੀਵਿੰਡ ਪਿੰਡ ਦੇ ਸੁਖਜਿੰਦਰ ਸਿੰਘ, ਆਨੰਦਪੁਰ ਸਾਹਿਬ 'ਚ ਰਾਊਲੀ ਪਿੰਡ ਦੇ ਕੁਲਵਿੰਦਰ ਸਿੰਘ ਅਤੇ

ਗੁਰਦਾਸਪੁਰ 'ਚ ਆਰੀਆ ਨਗਰ ਪਿੰਡ ਦੇ ਮਨਿੰਦਰ ਸਿੰਘ ਅਤਰੀ ਹਮਲੇ 'ਚ ਸ਼ਹੀਦ ਹੋ ਗਏ। ਇਨ੍ਹਾਂ ਪਿੰਡਾਂ 'ਚ ਦਿਲ ਵਲੂੰਧਰਨ ਵਾਲੇ ਦ੍ਰਿਸ਼ ਵੇਖੇ ਗਏ। ਪ੍ਰਵਾਰ ਅਪਣੇ ਰਿਸ਼ਤੇਦਾਰਾਂ ਦੀ ਮੌਤ ਤੋਂ ਦੁਖ 'ਚ ਹਨ। ਵੱਡੀ ਗਿਣਤੀ 'ਚ ਸਥਾਨਕ ਲੋਕ ਦੁੱਖ ਵੰਡਾਉਣ ਆਏ ਅਤੇ ਉਨ੍ਹਾਂ ਨੇ ਦੇਸ਼ ਲਈ ਜਵਾਨਾਂ ਦੀ ਕੁਰਬਾਨੀ 'ਤੇ ਮਾਣ ਪ੍ਰਗਟਾਉਣ ਨਾਲ ਹੀ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇਣ ਦੀ ਮੰਗ ਕੀਤੀ। ਜੈਮਲ ਸਿੰਘ ਉਸ ਬੱਸ ਦਾ ਡਰਾਈਵਰ ਸੀ ਜਿਸ ਨੂੰ ਆਤਮਘਾਤੀ ਹਮਲਾਵਰ ਨੇ ਅਵੰਤੀਪੁਰਾ 'ਚ ਸ੍ਰੀਨਗਰ-ਜੰਮੂ ਰਾਜਮਾਰਗ 'ਤੇ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਅਪਣੀ ਐਸ.ਯੂ.ਵੀ. ਨਾਲ ਟੱਕਰ ਮਾਰ ਕੇ ਉੜਾ ਦਿਤਾ ਸੀ।

ਉਸ ਦੇ ਪਿਤਾ ਜਸਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਜੈਮਲ ਨੇ ਦੇਸ਼ ਲਈ ਅਪਣੀ ਕੁਰਬਾਨੀ ਦਿਤੀ। ਅੰਮ੍ਰਿਤਸਰ ਦੇ ਨੇੜੇ ਸਥਿਤ ਤਰਨ ਤਾਰਨ ਦੇ ਗਾਂਧੀਵਿੰਡ ਪਿੰਡ 'ਚ 35 ਸਾਲ ਦੇ ਸੁਖਜਿੰਦਰ ਸਿੰਘ ਦਾ ਪ੍ਰਵਾਰ ਗ਼ਮਗੀਨ ਹੈ। ਪਿੰਡ ਵਾਲਿਆਂ ਨੇ ਕਿਹਾ ਕਿ ਉਹ ਲੰਮੀ ਛੁੱਟੀ ਤੋਂ ਬਾਅਦ ਹਾਲ ਹੀ 'ਚ ਫਿਰ ਤੋਂ ਡਿਊਟੀ 'ਤੇ ਗਿਆ ਸੀ। ਉਸ ਦਾ ਪੰਜ ਕੁ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦਾ ਇਕ ਬੇਟਾ ਹੈ। ਪੰਚਾਇਤ ਮੈਂਬਰ ਅੰਗਰੇਜ਼ ਸਿੰਘ ਨੇ ਕਿਹਾ, ''ਉਹ ਬਹੁਤ ਦੇਸ਼ਭਗਤ ਸੀ। ਬਚਪਨ ਤੋਂ ਹੀ ਉਹ ਹਥਿਆਰਬੰਦ ਫ਼ੌਜ 'ਚ ਸ਼ਾਮਲ ਹੋਣਾ ਚਾਹੁੰਦਾ ਸੀ। ਪੂਰਾ ਦੇਸ਼ ਦੁੱਖ 'ਚ ਹੈ ਅਤੇ ਲੋਕਾਂ 'ਚ ਗੁੱਸਾ ਹੈ।

ਉਹ ਚਾਹੁੰਦੇ ਹਨ ਕਿ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦਿਤਾ ਜਾਵੇ।'' ਇਕ ਸਥਾਨਕ ਵਿਅਕਤੀ ਨੇ ਦਸਿਆ ਕਿ ਆਨੰਦਪੁਰ ਸਾਹਿਬ ਜ਼ਿਲ੍ਹੇ 'ਚ ਰਾਊਲੀ ਪਿੰਡ ਦੇ ਰਹਿਣ ਵਾਲੇ ਸਿਪਾਹੀ ਕੁਲਵਿੰਦਰ ਸਿੰਘ (26) ਦੀ ਕੁੜਮਾਈ ਹੋ ਗਈ ਸੀ ਅਤੇ ਉਸ ਦਾ ਇਸੇ ਸਾਲ ਨਵੰਬਰ 'ਚ ਵਿਆਹ ਸੀ। ਕੁਲਵਿੰਦਰ ਚਾਰ ਸਾਲ ਪਹਿਲਾਂ ਫ਼ੌਜ 'ਚ ਭਰਤੀ ਹੋਇਆ ਸੀ। ਉਸ ਦਾ ਪਿਤਾ ਬੱਸ ਡਰਾਈਵਰ ਹੈ। ਉਨ੍ਹਾਂ ਕਿਹਾ ਕਿ ਪ੍ਰਵਾਰ ਦੁੱਖ 'ਚ ਡੁੱਬਾ ਹੋਇਆ ਹੈ ਅਤੇ ਪਿੰਡ ਵਾਲਿਆਂ 'ਚ ਗੁੱਸਾ ਹੈ ਜੋ ਚਾਹੁੰਦੇ ਹਨ ਕਿ ਪਾਕਿਸਤਾਨ ਨੂੰ ਸਬਕ ਸਿਖਾਇਆ ਜਾਵੇ।

ਇਸ ਅਤਿਵਾਦੀ ਹਮਲੇ ਮਗਰੋਂ ਪੰਜਾਬ ਅਤੇ ਹਰਿਆਣਾ 'ਚ ਕਈ ਥਾਵਾਂ 'ਤੇ ਪ੍ਰਦਰਸ਼ਨ ਹੋਏ ਅਤੇ ਲੋਕਾਂ ਨੇ ਪਾਕਿਸਤਾਨ ਵਿਰੁਧ ਨਾਹਰੇ ਲਾਉਂਦਿਆਂ ਗੁਆਂਢੀ ਦੇਸ਼ ਅਤੇ ਅਤਿਵਾਦ ਦੇ ਪੁਤਲੇ ਫੂਕੇ। ਕੁੱਝ ਇਲਾਕਿਆਂ 'ਚ ਸਕੂਲੀ ਵਿਦਿਆਰਥੀਆਂ ਨੇ ਵੀ ਮਾਰਚ ਕਢਿਆ। (ਪੀਟੀਆਈ)