ਗੁਰਦਾਸਪੁਰ 'ਚ 12ਵੀਂ ਜਮਾਤ ਦੇ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਂਚ ਜਾਰੀ
ਜ਼ਖਮਾਂ ਦੀ ਤਾਬ ਨਾ ਝੱਲਦਿਆਂ ਹੋਈ ਸਿਮਰਨਜੀਤ ਸਿੰਘ ਦੀ ਮੌਤ
ਗੁਰਦਾਸਪੁਰ: ਕਸਬਾ ਘੁਮਾਣ ਦੇ ਬਾਬਾ ਨਾਮਦੇਵ ਜੀ ਦੇ ਸੀਨੀਅਰ ਸੈਕੰਡਰੀ ਸਕੂਲ 'ਚ 12ਵੀਂ ਜਮਾਤ ਦੇ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।ਦੱਸਣਯੋਗ ਹੈ ਕਿ ਇਹ ਮਾਮਲਾ ਜ਼ਮੀਨੀ ਵਿਵਾਦ ਦਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਅੱਗੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਜਾਣਕਾਰੀ ਮੁਤਾਬਕ 18 ਸਾਲ ਦਾ ਸਿਮਰਨਜੀਤ ਸਿੰਘ 12ਵੀਂ ਕਲਾਸ ਦੇ ਪੇਪਰ ਦੇਣ ਲਈ ਸਕੂਲ ਆਇਆ ਸੀ। ਸਕੂਲ ਤੋਂ ਬਾਹਰ ਆਉਂਦੇ ਹੀ 12ਵੀਂ ਜਮਾਤ ਦਾ ਵਿਦਿਆਰਥੀ ਤੇ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਹਮਲਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ਼ ਪੀ ਹਰਕਿਸ਼ਨ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਅਤੇ ਉਸਦਾ ਭਰਾ ਹਰਮਨਦੀਪ ਸਿੰਘ ਪਿੰਡ ਛੈਲੋਵਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਵਿਖੇ ਪੜ੍ਹਦੇ ਸਨ। ਸਿਮਰਨਜੀਤ ਸਿੰਘ ਦਾ 12ਵੀਂ ਕਲਾਸ ਦਾ ਪੇਪਰ ਦੇਣ ਸਕੂਲ ਆਇਆ ਸੀ। ਜਦੋਂ ਪੇਪਰ ਦੇ ਕੇ ਆਪਣੇ 9ਵੀ ਕਲਾਸ ਵਿੱਚ ਪੜਦੇ ਭਰਾ ਨਾਲ਼ ਸਕੂਲ ਦੇ ਗੇਟ ਤੋਂ ਬਾਹਰ ਆਇਆ ਤਾਂ ਪਹਿਲਾਂ ਤੋਂ ਉਥੇ ਖੜੇ ਨੋਜਵਾਨਾਂ ਵਲੋਂ ਸਿਮਰਨਜੀਤ ਸਿੰਘ ਉਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਸਿਮਰਨਜੀਤ ਸਿੰਘ ਗੰਭੀਰ ਜਖਮੀ ਹੋ ਗਿਆ ਅਤੇ ਹਰਮਨਦੀਪ ਸਿੰਘ ਨੇ ਦੌੜ ਕੇ ਆਪਣੀ ਜਾਨ ਬਚਾਈ।
ਜ਼ਖ਼ਮੀ ਸਿਮਰਨਜੀਤ ਸਿੰਘ ਨੂੰ ਸਕੂਲ ਦੇ ਅਧਿਆਪਕਾਂ ਵੱਲੋਂ ਸਰਕਾਰੀ ਹਸਪਤਾਲ ਘੁਮਾਣ ਵਿਖੇ ਖੜਿਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਅਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਅਤੇ ਰਸਤੇ ਵਿਚ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਸਿਮਰਨਜੀਤ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਦੋਸ਼ੀਆਂ ਨੂੰ ਜਲਦ ਗਿਰਫ਼ਤਾਰ ਕਰ ਲਿਆ ਜਵੇਗਾ।