ਸਿੱਖ ਜਥੇਬੰਦੀਆਂ ਨੇ ਅੰਮਿ੍ਤਸਰ ਵਿਚ ਕਢਿਆ ਵਿਸ਼ਾਲ ਮੋਟਰਸਾਈਕਲ ਮਾਰਚ

ਏਜੰਸੀ

ਖ਼ਬਰਾਂ, ਪੰਜਾਬ

ਸਿੱਖ ਜਥੇਬੰਦੀਆਂ ਨੇ ਅੰਮਿ੍ਤਸਰ ਵਿਚ ਕਢਿਆ ਵਿਸ਼ਾਲ ਮੋਟਰਸਾਈਕਲ ਮਾਰਚ

image

ਅੰਮਿ੍ਤਸਰ, 15 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ, ਜੱਗਾ): ਕਿਸਾਨ ਸੰਘਰਸ਼ ਦੌਰਾਨ ਮੋਦੀ ਸਰਕਾਰ ਦੇ ਦਬਾਅ ਹੇਠ ਦਿੱਲੀ ਪੁਲਿਸ ਵਲੋਂ ਕੀਤੀਆਂ ਗਿ੍ਫ਼ਤਾਰੀਆਂ ਵਿਰੁਧ ਰੋਹ ਅਤੇ ਰੋਸ ਵਜੋਂ ਅੱਜ ਅੰਮਿ੍ਤਸਰ ਦੇ ਸਿੱਖ ਨੌਜਵਾਨਾਂ ਵਲੋਂ ਵਿਸ਼ਾਲ ਮੋਟਰਸਾਈਕਲ ਮਾਰਚ ਕਢਿਆ ਗਿਆ | ਇਹ ਮਾਰਚ ਖ਼ਜ਼ਾਨਾ ਗੇਟ ਤੋਂ ਆਰੰਭ ਹੋ ਕੇ ਹਾਲ ਗੇਟ ਤੋਂ ਹੁੰਦਾ ਹੋਇਆ 12 ਇਤਿਹਾਸਕ ਦਰਵਾਜ਼ਿਆਂ ਦਾ ਚੱਕਰ ਲਾ ਕੇ ਸੰਤੋਖਸਰ ਸਾਹਿਬ ਸਮਾਪਤ ਹੋਇਆ | 
ਮਾਰਚ ਵਿਚ ਨੌਜਵਾਨਾਂ ਨੇ ਦੀਪ ਸਿੱਧੂ, ਨੌਦੀਪ ਕੌਰ, ਲੱਖਾ ਸਿਧਾਣਾ, ਰਣਜੀਤ ਸਿੰਘ, ਸ਼ਿਵ ਕੁਮਾਰ, ਦਿਸ਼ਾ ਰਾਵੀ ਦੀਆਂ ਤਸਵੀਰਾਂ ਹੱਥਾਂ 'ਚ ਫੜੀਆਂ ਹੋਈਆਂ ਸਨ ਤੇ ਉਨ੍ਹਾਂ ਨੇ ਕਿਸਾਨ ਅੰਦੋਲਨ ਨਾਲ ਸਬੰਧਤ ਨਜ਼ਰਬੰਦਾਂ ਦੀ ਰਿਹਾਈ ਦੀ ਮੰਗ ਕਰਦਿਆਂ ਮੋਦੀ ਸਰਕਾਰ ਤੇ ਦਿੱਲੀ ਪੁਲਿਸ ਵਿਰੁਧ ਜ਼ਬਰਦਸਤ ਨਾਹਰੇਬਾਜ਼ੀ ਕੀਤੀ | ਦਲ ਖ਼ਾਲਸਾ ਦੇ ਬੁਲਾਰੇ ਸ. ਕੰਵਰਪਾਲ ਸਿੰਘ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ  ਸਮਝ ਜਾਣਾ ਚਾਹੀਦਾ ਹੈ ਕਿ ਮੋਦੀ ਸਰਕਾਰ ਉਨ੍ਹਾਂ ਨੂੰ  ਤਿੰਨ ਤਰੀਕਿਆਂ ਨਾਲ ਮਾਰ ਰਹੀ ਹੈ | 
ਸਰਕਾਰ ਅਪਣੇ ਪਿੱਠੂਆਂ ਰਾਹੀਂ ਕਿਸਾਨਾਂ 'ਚ ਫੁੱਟ ਪਾ ਰਹੀ ਹੈ, ਦੂਜਾ ਨੌਜਵਾਨਾਂ ਨੂੰ  ਗਿ੍ਫ਼ਤਾਰ ਕਰ ਰਹੀ ਹੈ ਤੇ ਤੀਜਾ ਇਸ ਸੰਘਰਸ਼ ਨੂੰ  ਮਿਲ ਰਹੀ ਕੌਮਾਂਤਰੀ ਹਮਾਇਤ ਨੂੰ  ਡਰਾ-ਧਮਕਾਅ ਕੇ ਰੋਕਣ ਦੇ ਯਤਨ ਕਰ ਰਹੀ ਹੈ | ਸਰਕਾਰ ਦੇ ਬਹੁਪੱਖੀ-ਹਮਲਿਆਂ ਨੂੰ  ਰੋਕਣ ਲਈ ਹੁਣ ਕਿਸਾਨਾਂ ਨੂੰ  ਤੁਰਤ ਸਰਕਾਰ 'ਤੇ ਹਮਲਾਵਰ ਰੁਖ਼ ਅਪਣਾਉਣਾ ਚਾਹੀਦਾ ਹੈ |  ਇਸ ਮੌਕੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਦੀਪ ਸਿੱਧੂ ਤੋਂ ਬਾਅਦ ਲੱਖਾ ਸਿਧਾਣਾ ਨੂੰ  ਸਰਕਾਰ ਨਿਸ਼ਾਨਾ ਬਣਾਉਣਾ ਚਾਹੁੰਦੀ ਹੈ, ਜਦਕਿ ਉਸ ਨੇ ਕੋਈ ਹਿੰਸਾ ਨਹੀਂ ਕੀਤੀ ਪਰ ਸਰਕਾਰ ਉਸ ਨੂੰ  ਝੂਠੇ ਕੇਸ 'ਚ ਫਸਾਉਣਾ ਚਾਹੁੰਦੀ ਹੈ ਤਾਂ ਜੋ ਕਿਸਾਨ ਸੰਘਰਸ਼ ਨੂੰ  ਕਮਜ਼ੋਰ ਕੀਤਾ ਜਾ ਸਕੇ | ਅੱਜ ਦੀ ਰੈਲੀ ਦੇ ਪ੍ਰਬੰਧਕ ਭਾਈ ਭੁਪਿੰਦਰ ਸਿੰਘ (ਛੇ ਜੂਨ) ਸਨ ਜਿਨ੍ਹਾਂ ਨੇ ਸਰਕਾਰ ਦੇ ਜਬਰ ਵਿਰੁਧ ਅਤੇ ਗਿ੍ਫ਼ਤਾਰ ਨੌਜਵਾਨਾਂ ਦੇ ਹੱਕ ਵਿਚ ਖੜਨ ਲਈ ਲੋਕਾਂ ਨੂੰ  ਲਾਮਬੰਦ ਹੋਣ ਦਾ ਸੱਦਾ ਦਿਤਾ |
ਇਸ ਮੌਕੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ (ਛੇ ਜੂਨ), ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਬਲਬੀਰ ਸਿੰਘ ਮੁੱਛਲ, ਮਨਿੰਦਰ ਕੌਰ ਨੰਗਲੀ ਆਦਿ ਹਾਜ਼ਰ ਸਨ |

ਕੈਪਸ਼ਨ ਏ ਐਸ ਆਰ ਬਹੋੜੂ -15¸4- ਮਾਰਚ ਦੌਰਾਨ ਸ. ਕੰਵਰਪਾਲ ਸਿੰਘ, ਰਣਜੀਤ ਸਿੰਘ ਦਮਦਮੀ ਟਕਸਾਲ, ਭੁਪਿੰਦਰ ਸਿੰਘ, ਬਲਵੰਤ ਸਿੰਘ ਗੋਪਾਲਾ, ਦਿਲਬਾਗ ਸਿੰਘ, ਬਲਬੀਰ ਸਿੰਘ ਮੁੱਛਲ ਤੇ ਹੋਰ |