ਸੰਯੁਕਤ ਕਿਸਾਨ ਮੋਰਚਾ ਮੁੜ ਲਾਮਬੰਦੀ ਬਾਅਦ ਅੰਦੋਲਨ ਤੇਜ਼ ਕਰਨ ਦੀ ਰਾਹ 'ਤੇ

ਏਜੰਸੀ

ਖ਼ਬਰਾਂ, ਪੰਜਾਬ

ਸੰਯੁਕਤ ਕਿਸਾਨ ਮੋਰਚਾ ਮੁੜ ਲਾਮਬੰਦੀ ਬਾਅਦ ਅੰਦੋਲਨ ਤੇਜ਼ ਕਰਨ ਦੀ ਰਾਹ 'ਤੇ

image

ਇਕ ਵਾਰ ਫਿਰ 'ਭਾਰਤ ਬੰਦ' ਕਰਵਾਉਣ ਲਈ ਹੋ ਰਿਹੈ ਵਿਚਾਰ

ਚੰਡੀਗੜ੍ਹ, 15 ਫ਼ਰਵਰੀ (ਗੁਰਉਪਦੇਸ਼ ਭੁੱਲਰ) : ਢਾਈ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਹੱਦਾਂ 'ਤੇ ਚਲ ਰਹੇ ਕਿਸਾਨ ਮੋਰਚੇ ਨੂੰ  26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਜਿਥੇ ਕਿਸਾਨ ਆਗੂਆਂ ਨੇ ਇਸ ਨੂੰ  ਹੁਣ ਨਵੇਂ ਰੂਪ ਵਿਚ ਮੁੜ ਤੋਂ ਲਾਮਬੰਦ ਕਰ ਕੇ ਇਸ ਦੀ ਮਜ਼ਬੂਤੀ ਕਰਦਿਆਂ ਭਵਿੱਖ ਵਿਚ ਅੰਦੋਲਨ ਦੀ ਰਣਨੀਤੀ ਤਹਿਤ ਮੋਰਚੇ ਨੂੰ  ਤੇਜ਼ ਕਰਨ ਦੀ ਯੋਜਨਾ ਬਣਾਈ ਹੈ | ਇਸ ਤਹਿਤ ਮਹਾਂਪੰਚਾਇਤਾਂ ਦੇ ਪ੍ਰੋਗਰਾਮਾਂ ਦੀ ਗਿਣਤੀ ਵੀ ਵਧੇਗੀ | ਉਥੇ ਦੂਜੇ ਪਾਸੇ ਕੇਂਦਰ ਸਰਕਾਰ ਵੀ ਹੁਣ ਮੋਰਚੇ ਨੂੰ  ਕਮਜ਼ੋਰ ਕਰਨ ਲਈ ਅਪਣੀ ਪੂਰੀ ਵਾਹ ਲਾ ਰਹੀ ਹੈ |
ਕਿਸਾਨਾਂ ਨੂੰ  ਡਰਾਉਣ ਧਮਕਾਉਣ ਤੇ ਆਗੂਆਂ ਵਿਚ ਫੁਟ ਪਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ | ਸੰਯੁਕਤ ਕਿਸਾਨ ਮੋਰਚੇ ਨੇ ਪਿਛਲੇ ਦਿਨੀਂ ਨਵੇਂ ਪ੍ਰੋਗਰਾਮਾਂ ਤਹਿਤ ਸੜਕਾਂ 'ਤੇ ਚੱਕ ਜਾਮ ਦੇ ਸਫ਼ਲ ਐਕਸ਼ਨ ਬਾਅਦ ਹੁਣ ਅੰਦੋਲਨ ਨੂੰ  ਹੋਰ ਤੇਜ਼ ਕਰ ਕੇ ਕੇਂਦਰ 'ਤੇ ਦਬਾਅ ਵਧਾਉਣ ਲਈ 18 ਫ਼ਰਵਰੀ ਨੂੰ  ਚਾਰ ਘੰਟੇ ਦੇ 'ਰੇਲ ਰੋਕੋ' ਐਕਸ਼ਨ ਦਾ ਐਲਾਨ ਕੀਤਾ ਹੈ ਤੇ ਕਿਸਾਨ ਆਗੂ ਹੁਣ ਇਸ ਐਕਸ਼ਨ ਦੀ ਤਿਆਰੀ ਵੱਲ ਹੀ ਸਾਰਾ ਧਿਆਨ ਲਾ ਰਹੇ ਹਨ | ਰੇਲ ਰੋਕੋ ਤੋਂ ਬਾਅਦ ਸੰਯੁਕਤ ਮੋਰਚਾ ਇਕ ਵਾਰ ਮੁੜ ਵੱਡੇ ਐਕਸ਼ਨ ਦੇ ਸੱਦੇ ਤਹਿਤ ਭਾਰਤ ਬੰਦ ਦਾ ਸੱਦਾ ਦੇ ਕੇ ਸ਼ਕਤੀ ਪ੍ਰਦਰਸ਼ਨ ਕਰਨ ਬਾਰੇ ਵਿਚਾਰ ਕਰ ਰਿਹਾ ਹੈ ਅਤੇ ਇਸ ਬਾਰੇ 18 ਫ਼ਰਵਰੀ ਦੇ ਰੋਲ ਰੋਕੋ ਐਕਸ਼ਨ ਬਾਅਦ ਹੋਣ ਵਾਲੀ ਮੀਟਿੰਗ ਵਿਚ ਫ਼ੈਸਲਾ ਲੈ ਕੇ ਐਲਾਨ ਕੀਤਾ ਜਾਵੇਗਾ | ਦੂਜੇ ਪਾਸੇ 26 ਜਨਵਰੀ ਲਾਲ ਕਿਲ੍ਹੇ ਤੇ ਦਿੱਲੀ ਹਿੰਸਾ ਦੇ ਸਬੰਧ ਵਿਚ ਗੰਭੀਰ ਧਾਰਾਵਾਂ ਤਹਿਤ ਦਰਜ ਕੇਸਾਂ ਵਿਚ ਇਸ ਸਬੰਧ ਵਿਚ ਮੁੱਖ ਮੁਲਜ਼ਮਾਂ ਵਲੋਂ ਨਾਮਜ਼ਦ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੀ ਗਿ੍ਫ਼ਤਾਰੀ ਦੀ ਕਾਰਵਾਈ ਤੇ ਪੁਛਗਿਛ ਪੂਰੀ ਕਰਨ ਬਾਅਦ ਦਿੱਲੀ ਪੁਲਿਸ ਕੁੱਝ ਪ੍ਰਮੁੱਖ ਕਿਸਾਨ ਆਗੂਆਂ ਨੂੰ  ਵੀ ਲਾਲ ਕਿਲ੍ਹੇ ਦੇ ਘਟਨਾਕ੍ਰਮ ਸਬੰਧੀ ਪੁਛ ਪੜਤਾਲ ਲਈ ਅਗਲੇ ਦਿਨਾਂ ਵਿਚ ਗਿ੍ਫ਼ਤਾਰ ਕਰ ਸਕਦੀ ਹੈ | ਲਾਲ ਕਿਲ੍ਹੇ ਦੇ ਘਟਨਾਕ੍ਰਮ ਤੋਂ ਬਾਅਦ ਦਿੱਲੀ ਪੁਲਿਸ ਵਲੋਂ ਦਰਜ ਵੱਖ-ਵੱਖ ਐਫ਼.ਆਈ.ਆਰਾਂ. ਤਹਿਤ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਹੀ 40 ਤੋਂ ਵੱਧ ਵੱਡੇ ਕਿਸਾਨ ਆਗੂਆਂ ਉਤੇ ਵੀ ਦੀਪ ਸਿੱਧੂ ਤੇ ਲੱਖੇ ਉਤੇ ਲਾਏ ਗੰਭੀਰ ਧਾਰਾਵਾਂ ਵਾਲੇ ਹੀ ਮੁਕੱਦਮੇ ਦਰਜ ਕੀਤੇ ਹੋਏ ਹਨ | ਪੁਲਿਸ ਲਾਲ ਕਿਲ੍ਹੇ ਦੇ ਮਾਮਲੇ ਨੂੰ  ਖ਼ਾਲਿਸਤਾਨ ਨਾਲ ਜੋੜ ਕੇ ਜਾਂਚ ਨੂੰ  ਅੱਗੇ ਵਧਾ ਰਹੀ ਹੈ ਤੇ ਇਸ ਜਾਂਚ ਦਾ ਘੇਰਾ ਬਾਹਰ ਬੈਠੇ ਕੁੱਝ ਖ਼ਾਲਿਸਤਾਨੀ ਸਮਰਥਕਾਂ ਤਕ ਵਧਾ ਕੇ ਇਸ ਨੂੰ  ਅੰਤਰਰਾਸ਼ਟਰੀ ਸਾਜ਼ਸ਼ ਦਾ ਰੂਪ ਦੇਣ ਦੀ ਕੋਸ਼ਿਸ਼ ਵਿਚ ਹੈ | ਟੂਲ ਕਿੱਟ ਮਾਮਲੇ ਵਿਚ ਕਾਰਵਾਈ ਵੀ ਇਸੇ ਜਾਂਚ ਲੜੀ ਦਾ ਹੀ ਹਿੱਸਾ ਹੈ |