ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ, 'ਬੀਜੇਪੀ ਦੇ ਨਾਲ ਨਹੀਂ ਹੋਵੇਗਾ ਗਠਜੋੜ'
'ਆਪ ਤੇ ਕਾਂਗਰਸ ਦੇ ਫੈਸਲੇ ਦਿੱਲੀ ਤੋਂ ਹੁੰਦੇ ਨੇ'
ਚੰਡੀਗੜ੍ਹ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਉਹਨਾਂ ਦਾ ਭਾਜਪਾ ਨਾਲ ਕੋਈ ਗਠਜੋੜ ਨਹੀਂ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਅੰਮ੍ਰਿਤਸਰ ਈਸਟ ਤੋਂ ਬਿਕਰਮ ਮਜੀਠੀਆ ਦੀ ਹੀ ਜਿੱਤ ਹੋਵੇਗੀ ਕਿਉਂਕਿ ਨਵਜੋਤ ਸਿੱਧੂ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਉਹਨਾਂ ਨੇ ਚਰਨਜੀਤ ਚੰਨੀ ਦੇ ਖਿਲਾਫ਼ ਵੀ ਬੋਲਦਿਆਂ ਕਿਹਾ ਕਿ ਚੰਨੀ ਨੇ ਵੀ 111 ਦਿਨਾਂ ਵਿਚ ਕੋਈ ਕੰਮ ਨਹੀਂ ਕੀਤਾ।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇ ਅਕਾਲੀਆਂ ਦੀ ਸਰਕਾਰ ਬਣਦੀ ਹੈ ਤਾਂ ਮੁੱਖ ਮੰਤਰੀ ਦਾ ਚਿਹਰਾ ਤਾਂ ਸੁਖਬੀਰ ਬਾਦਲ ਹੀ ਹੋਣਗੇ ਪਰ ਜੋ 2 ਡਿਪਟੀ ਸੀਐੱਮ ਬਣਨਗੇ ਉਹਨਾਂ ਵਿਚੋਂ ਇਕ ਬਸਪਾ ਦਾ ਡਿਪਟੀ ਸੀਐੱਮ ਬਣਾਇਆ ਜਾਵੇਗਾ। ਇਹ ਸਾਰੀ ਪ੍ਰਤੀਕਿਰਿਆ ਪ੍ਰਕਾਸ਼ ਬਾਦਲ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਦਿੱਤੀ ਹੈ।
ਇਸ ਦੇ ਨਾਲ ਹੀ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਪੀਐੱਮ ਮੋਦੀ ਨੇ ਕਿਹਾ ਕਿ ਮਨੋਰੰਜਨ ਕਾਲੀਆਂ ਨੇ ਪੰਜਾਬ ਦਾ ਡਿਪਟੀ ਸੀਐੱਮ ਬਣਨਾ ਸੀ ਪਰ ਅਕਾਲੀਆਂ ਨੇ ਉਸ ਸਮੇਂ ਸੁਖਬੀਰ ਬਾਦਲ ਨੂੰ ਡਿਪਟੀ ਸੀਐੱਮ ਬਣਾ ਦਿੱਤਾ। ਇਸ ਸਵਾਲ ਦੇ ਜਵਾਬ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਭ ਕੁੱਝ ਭਾਜਪਾ ਦੀ ਸਹਿਮਤੀ ਨਾਲ ਹੋਇਆ ਸੀ ਪਰ ਹੁਣ ਪੀਐਮ ਮੋਦੀ ਇਹ ਬਿਆਨ ਦੇ ਰਹੇ ਹਨ ਮੈਂ ਹੈਰਾਨ ਹਾਂ। ਐਨੇ ਵੱਡੇ ਇਨਸਾਨ ਨੂੰ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ।