ਮਨੀਸ਼ਾ ਗੁਲਾਟੀ ਨੇ ਮੁੜ ਸੰਭਾਲਿਆ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਦਾ ਅਹੁਦਾ, CM ਮਾਨ ਨੂੰ ਲੈ ਕੇ ਕਹੀ ਇਹ ਗੱਲ

ਏਜੰਸੀ

ਖ਼ਬਰਾਂ, ਪੰਜਾਬ

ਅਦਾਲਤ 'ਚ ਵੀ ਉਨ੍ਹਾਂ ਦੇ ਜਾਣ ਦਾ ਕਾਰਨ ਸਿਰਫ ਇਹੀ ਸੀ ਕਿ ਜਦੋਂ ਦਾ ਕਮਿਸ਼ਨ ਬਣਿਆ ਹੈ, ਉਦੋਂ ਤੋਂ ਕਾਰਜਕਾਲ 'ਚ ਵਾਧਾ ਮਿਲਦਾ ਰਿਹਾ ਹੈ।

Manisha Gulati

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲਣ ਮਗਰੋਂ ਮਨੀਸ਼ਾ ਗੁਲਾਟੀ ਨੇ ਅੱਜ ਮੁੜ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਦਾ ਅਹੁਦਾ ਮੁੜ ਤੋਂ ਸੰਭਾਲ ਲਿਆ ਹੈ। ਆਪਣੇ ਦਫ਼ਤਰ ਵਿਖੇ ਅਹੁਦਾ ਸੰਭਾਲਣ ਤੋਂ ਬਾਅਦ ਮਨੀਸ਼ਾ ਗੁਲਾਟੀ ਦਾ ਬਿਆਨ ਵੀ ਸਾਹਮਣੇ ਆਇਆ ਹੈ ਜਿਸ ਵਿਚ ਉਹਨਾਂ ਨੇ ਕਿਹਾ ਕਿ ਇਹ ਸਭ ਪਰਮਾਤਮਾ ਦੀ ਮਿਹਰ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਅਫ਼ਸਰਸ਼ਾਹੀ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਅਦਾਲਤ 'ਚ ਵੀ ਉਨ੍ਹਾਂ ਦੇ ਜਾਣ ਦਾ ਕਾਰਨ ਸਿਰਫ ਇਹੀ ਸੀ ਕਿ ਜਦੋਂ ਦਾ ਕਮਿਸ਼ਨ ਬਣਿਆ ਹੈ, ਉਦੋਂ ਤੋਂ ਕਾਰਜਕਾਲ 'ਚ ਵਾਧਾ ਮਿਲਦਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨਾਲ ਉਨ੍ਹਾਂ ਦੇ ਕੋਈ ਵੀ ਮਤਭੇਦ ਨਹੀਂ ਹਨ ਅਤੇ ਉਹ ਪੰਜਾਬ ਸਰਕਾਰ ਦਾ ਪੂਰਾ ਸਤਿਕਾਰ ਕਰਦੇ ਹਨ। ਉਹ ਸਿਰਫ਼ ਅਦਾਲਤ 'ਚ ਤਾਂ ਹੀ ਗਏ ਸੀ ਕਿਉਂਕਿ ਸਰਕਾਰ ਦਾ ਕਹਿਣਾ ਸੀ ਕਿ ਕਾਰਜਕਾਲ 'ਚ ਵਾਧਾ ਮਿਲਣ ਦਾ ਕੋਈ ਨਿਯਮ ਨਹੀਂ ਹੈ, ਜਦੋਂ ਕਿ ਮੇਰਾ ਮੰਨਣਾ ਹੈ ਕਿ ਕਮਿਸ਼ਨ ਦੇ ਬਣਨ ਤੋਂ ਲੈ ਕੇ ਹੁਣ ਤੱਕ ਇਹ ਸਹੂਲਤ ਮਿਲਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਹੁਕਮ ਸਰਕਾਰ ਵੱਲੋਂ ਬੀਤੇ ਦਿਨ ਵਾਪਸ ਲੈ ਲਏ ਗਏ ਹਨ, ਜਿਸ ਕਾਰਨ ਉਹ ਸਰਕਾਰ ਦਾ ਧੰਨਵਾਦ ਕਰਦੇ ਹਨ।