Punjab News: ਇੱਕ ਨਹੀਂ ਦੋ-ਦੋ ਵਾਰ ਦੇਸ਼ ਨਿਕਾਲਾ ਦੇਣ ਮਗਰੋਂ ਘਰ ਪਰਤਿਆ ਨੌਜਵਾਨ
ਮਾਂ ਨੇ ਰੋ-ਰੋ ਦੱਸੀ ਪੂਰੀ ਕਹਾਣੀ
Punjab News: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗੈਰ ਕਾਨੂਨੀ ਪਰਵਾਸੀਆ ਨੂੰ ਲਗਾਤਾਰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਨੌਜਵਾਨਾਂ ਨੇ 40 ਤੋਂ 50 ਲੱਖ ਰੁਪਏ ਲਾ ਕੇ ਡੌਂਕੀ ਲਗਾ ਕੇ ਵਿਦੇਸ਼ ਗਏ ਸਨ ਹੁਣ ਟਰੰਪ ਦੀ ਕਾਰਵਾਈ ਨਾਲ ਉਨ੍ਹਾਂ ਦੇ ਸੁਪਨੇ ਚੂਰ ਚੂਰ ਹੋ ਗਏ ਹਨ। ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਵਿੱਚ ਫ਼ਿਰੋਜ਼ਪੁਰ ਦਾ ਨੌਜਵਾਨ ਨਵਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਸ਼ਾਮਲ ਹੈ।
ਜਿਸ ਦੇ ਘਰਦਿਆਂ ਨੇ ਉਸ ਨੂੰ ਆਪਣੀ ਜ਼ਮੀਨ ਵੇਚ ਕੇ ਅਮਰੀਕਾ ਭੇਜਿਆ ਸੀ ਤੇ ਉਥੋਂ ਅੱਜ ਉਸ ਨੂੰ ਡਿਪੋਰਟ ਕਰ ਕੇ ਵਾਪਸ ਉਸ ਦੇ ਘਰ ਭੇਜਿਆ ਗਿਆ। ਉਸ ਦੇ ਘਰ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਘਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਨਵਦੀਪ ਦੇ ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਨੂੰ ਦੋ ਵਾਰ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ ਅੱਜ ਤੋਂ ਅੱਠ ਮਹੀਨੇ ਪਹਿਲਾਂ ਨਵਦੀਪ ਨੇ ਅਮਰੀਕਾ ਜਾਣ ਦੇ ਲਈ ਜ਼ਿੱਦ ਕੀਤੀ ਤਾਂ ਉਸ ਦੇ ਪਿਤਾ ਨੇ ਆਪਣੇ ਕੋਲ ਇੱਕ ਕਿੱਲਾ ਜਮੀਨ ਜੋ ਸੀ ਉਸ ਨੂੰ ਵੇਚ ਦਿੱਤਾ ਤੇ ਉਸ ਨੂੰ 40 ਲੱਖ ਰੁਪਏ ਲਗਾ ਕੇ ਅਮਰੀਕਾ ਭੇਜਿਆ ਪਰ ਉਸ ਤੋਂ ਪਹਿਲਾਂ ਪਨਾਮਾ ਦੇ ਜੰਗਲਾਂ ਵਿੱਚੋਂ ਹੀ ਉਸ ਨੂੰ ਫੜ ਲਿਆ ਗਿਆ ਤੇ ਡਿਪੋਰਟ ਕਰਕੇ ਫਿਰੋਜ਼ਪੁਰ ਉਸ ਦੇ ਘਰ ਵਾਪਸ ਭੇਜ ਦਿੱਤਾ ਅਤੇ ਨਵਦੀਪ ਦੋ ਮਹੀਨੇ ਆਪਣੇ ਘਰ ਰਿਹਾ ਤੇ ਉਸ ਨੂੰ ਫਿਰ ਇਸੇ ਤਰ੍ਹਾਂ ਏਜੰਟਾਂ ਤੇ ਉਸ ਦੇ ਦੋਸਤਾਂ ਨੇ ਦੁਬਾਰਾ ਵਾਪਸ ਜਾਣ ਦੇ ਲਈ ਕਿਹਾ ਤਾਂ ਪੁੱਤਰ ਨਵਦੀਪ ਸਿੰਘ ਦੇ ਕਹਿਣ ਤੇ ਮਜਬੂਰ ਪਿਤਾ ਨੇ ਆਪਣੇ ਘਰ ’ਤੇ 15 ਲੱਖ ਰੁਪਏ ਦਾ ਹੋਰ ਲੋਨ ਲੈ ਕੇ ਉਸ ਨੂੰ ਇੱਕ ਵਾਰ ਫਿਰ ਅਮਰੀਕਾ ਦੇ ਲਈ ਭੇਜ ਦਿੱਤਾ ਤੇ ਇਹ ਸੋਚਿਆ ਕਿ ਉਸ ਦਾ ਬੱਚਾ ਉਥੇ ਪਹੁੰਚ ਕੇ ਮਿਹਨਤ ਕਰੇਗਾ ਤੇ ਉਸ ਦੀ ਜ਼ਮੀਨ ਤੇ ਘਰ ’ਤੇ ਲਿਆ ਲੋਨ ਵੀ ਉਤਰ ਜਾਏਗਾ।
ਪਰ ਅੱਜ ਨਤੀਜਾ ਕੁਝ ਹੋਰ ਨਿਕਲਿਆ ਜਦ ਘਰ ਵਾਲਿਆਂ ਨੂੰ ਇਹ ਪਤਾ ਲੱਗਿਆ ਕਿ ਉਹਨਾਂ ਦਾ ਬੇਟਾ ਨਵਦੀਪ ਸਿੰਘ ਜੋ ਦੋ ਮਹੀਨੇ ਪਹਿਲਾਂ ਹੀ ਅਮਰਿਕਾ ਪਹੁੰਚਿਆ ਸੀ ਪਰ ਉਸ ਨੂੰ ਡਿਪੋਰਟ ਕਰ ਕੇ ਉਸ ਦੇ ਘਰ ਵਾਪਸ ਭੇਜਿਆ ਜਾ ਰਿਹਾ ਹੈ। ਇਹ ਪਤਾ ਲੱਗਣ ਤੋਂ ਬਾਅਦ ਘਰ ਦੇ ਵਿੱਚ ਸੋਗ ਦਾ ਮਾਹੌਲ ਹੈ ਤੇ ਘਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਉਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਉਹਨਾਂ ਕੋਲ ਜੱਦੀ ਜ਼ਮੀਨ ਰਹੀ ਤੇ ਘਰ ’ਤੇ ਵੀ ਲੋਨ ਲਿਆ ਹੋਇਆ ਹੈ ਉਹਨਾਂ ਕੋਲ ਕੁਝ ਨਹੀਂ ਰਿਹਾ ਤੇ ਮੁੰਡਾ ਵੀ ਘਰ ਵਾਪਸ ਪਰਤ ਆਇਆ ਹੈ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਤਾਂ ਉਹਨਾਂ ਦੇ ਘਰਾਂ ਦਾ ਗੁਜ਼ਾਰਾ ਹੋ ਸਕੇ।
ਨਵਦੀਪ ਸਿੰਘ ਦੀ ਮਾਂ ਅਤੇ ਦਾਦੀ ਦਾ ਕਹਿਣਾ ਹੈ ਕਿ ਉਹ ਕਾਫੀ ਗ਼ਰੀਬ ਹਨ ਗਰੀਬੀ ਕਾਰਨ ਉਹਨਾਂ ਨੇ ਆਪਣੇ ਪੁੱਤਰ ਨਵਦੀਪ ਸਿੰਘ ਨੂੰ ਆਪਣੀ ਜ਼ਮੀਨ ਵੇਚ ਕੇ ਤੇ ਘਰ ’ਤੇ ਲੋਨ ਲੈ ਕੇ ਉਸ ਨੂੰ ਅਮਰੀਕਾ ਭੇਜਿਆ ਸੀ ਪਰ ਉਹ ਦੂਜੀ ਵਾਰ ਫਿਰ ਡਿਪੋਟਰ ਹੋ ਕੇ ਘਰ ਵਾਪਸ ਆ ਰਿਹਾ ਹੈ।
ਉਹਨਾਂ ਨੇ ਸਭ ਕੁਝ ਵੇਚ ਕੇ ਉਸ ਨੂੰ ਅਮਰੀਕਾ ਭੇਜਿਆ ਸੀ ਤਾਂ ਜੋ ਗ਼ਰੀਬੀ ਤੋਂ ਉਹਨਾਂ ਨੂੰ ਕੁਝ ਰਾਹਤ ਮਿਲੇਗੀ ਪਰ ਅੱਜ ਸਭ ਕੁਝ ਉਹਨਾਂ ਦਾ ਵਿਕ ਚੁੱਕਿਆ ਹੈ ਉਹਨਾਂ ਕੋਲ ਹੁਣ ਕੁਝ ਨਹੀਂ ਰਿਹਾ ਉਹਨਾਂ ਕਿਹਾ ਕਿ ਜੇ ਪੰਜਾਬ ਵਿੱਚ ਵੀ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਜਾਂਦੀਆਂ ਤਾਂ ਉਹ ਕਦੇ ਵੀ ਆਪਣੇ ਬੱਚਿਆਂ ਨੂੰ ਅੱਖਾਂ ਤੋਂ ਦੂਰ ਨਾ ਕਰਦੇ।