ਨੈਨਾ ਜਿੰਦਲ ਬਣੀ ਸਿਵਲ ਜੱਜ-ਕਮ-ਜੁਡੀਸ਼ੀਅਲ ਮੈਜਿਸਟਰੇਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਧਿਆਪਕਾਂ ਤੇ ਸਲਾਹਕਾਰਾਂ ਦਾ ਕੀਤਾ ਧਨਵਾਦ

Naina Jindal becomes Civil Judge-cum-Judicial Magistrate

ਪੰਜਾਬ ਪਬਲਿਕ ਸਕੂਲ, ਨਾਭਾ ਦੇ ਆਈ.ਐਸ.ਸੀ. ਬੈਚ 2014 ਦੀ ਨੈਨਾ ਜਿੰਦਲ ਨੂੰ ਹਰਿਆਣਾ ਰਾਜ ਵਿਚ ਸਿਵਲ ਜੱਜ-ਕਮ-ਜੁਡੀਸ਼ੀਅਲ ਮੈਜਿਸਟਰੇਟ ਨਿਯੁਕਤ ਕੀਤਾ ਗਿਆ ਹੈ। ਉਸ ਨੇ 2024 ਵਿਚ ਹਰਿਆਣਾ ਨਿਆਂਇਕ ਸੇਵਾਵਾਂ ਪਾਸ ਕੀਤੀਆਂ।

ਆਪਣੇ ਅਕਾਦਮਿਕ ਸਫ਼ਰ ਬਾਰੇ ਬੋਲਦਿਆਂ, ਉਸ ਨੇ ਆਪਣੀ ਸਫਲਤਾ ਦਾ ਸਿਹਰਾ ਪੰਜਾਬ ਪਬਲਿਕ ਸਕੂਲ, ਨਾਭਾ ਵਿਖੇ ਰੱਖੀ ਗਈ ਮਜ਼ਬੂਤ ਨੀਂਹ ਨੂੰ ਦਿਤਾ। ਉਨ੍ਹਾਂ ਕਿਹਾ ਕਿ ਉਹ ਛੋਟੀ ਉਮਰ ਤੋਂ ਹੀ ਇਕ ਨਿਆਂਇਕ ਅਧਿਕਾਰੀ ਬਣਨ ਦੀ ਇੱਛਾ ਰੱਖਦੀ ਸੀ ਅਤੇ ਪੀਪੀਐਸ ਨਾਭਾ ਵਿਖੇ ਆਪਣੀ ਮੁੱਢਲੀ ਪੜ੍ਹਾਈ ਦੌਰਾਨ ਹੀ ਉਸ ਨੇ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਯਤਨ ਆਰੰਭ ਦਿਤੇ ਸਨ।

ਉਸ ਨੇ ਕਿਹਾ ਕਿ ਸਕੂਲ ਵਿਚ ਪ੍ਰਾਪਤ ਕਦਰਾਂ-ਕੀਮਤਾਂ, ਨੈਤਿਕਤਾ ਅਤੇ ਐਕਸਪੋਜ਼ਰ ਨੇ ਹੀ ਊਸ ਦੇ ਉਪਰੋਕਤ ਸੁਪਨੇ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਸ ਨੇ ਆਪਣੇ ਅਧਿਆਪਕਾਂ ਅਤੇ ਸਲਾਹਕਾਰਾਂ ਪ੍ਰਤੀ ਧਨਵਾਦ ਪ੍ਰਗਟ ਕੀਤਾ ਜਿਨ੍ਹਾਂ ਤੋਂ ਉਸ ਨੂੰ ਸਿੱਖਣ ਦਾ ਸਨਮਾਨ ਮਿਲਿਆ।

ਨੈਨਾ ਜਿੰਦਲ ਦੀ ਸਫਲਤਾ ਦੀ ਪ੍ਰਸ਼ੰਸਾ ਕਰਦੇ ਹੋਏ, ਸਕੂਲ ਹੈਡਮਾਸਟਰ ਡਾ. ਡੀ.ਸੀ. ਸ਼ਰਮਾ ਨੇ ਸੰਜੀਵ ਜਿੰਦਲ (ਪਿਤਾ), ਰਿਤੂ ਜਿੰਦਲ (ਮਾਤਾ) ਅਤੇ ਸੁਮੰਤ ਜਿੰਦਲ (ਭਰਾ) ਅਤੇ ਪੂਰੇ ਜਿੰਦਲ ਪਰਿਵਾਰ ਨੂੰ ਨੈਨਾ ਜਿੰਦਲ ਦੀ ਇਸ ਪ੍ਰਾਪਤੀ ’ਤੇ ਵਧਾਈ ਦਿਤੀ ਅਤੇ ਕਿਹਾ ਕਿ ਨੈਨਾ ਜਿੰਦਲ ਨੇ ਮੌਜੂਦਾ ਵਿਦਿਆਰਥੀਆਂ ਲਈ ਜੀਵਨ ਵਿਚ ਉੱਚ ਉਦੇਸ਼ ਲਈ ਇਕ ਮਾਪਦੰਡ ਸਥਾਪਤ ਕੀਤਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਪੰਜਾਬ ਪਬਲਿਕ ਸਕੂਲ, ਨਾਭਾ ਭਵਿੱਖ ਵਿਚ ਵੀ ਦੇਸ਼ ਲਈ ਯੋਗ ਅਤੇ ਪ੍ਰਤਿਭਾਸ਼ਾਲੀ ਨਾਗਰਿਕ ਪੈਦਾ ਕਰਦਾ ਰਹੇਗਾ।