ਅਮਰੀਕਾ ’ਚੋਂ ਕੱਢੇ ਨੌਜਵਾਨ ਨੂੰ ਨੰਗੇ ਸਿਰ ਦੇਖ ਕੇ ਪਸੀਜ਼ੀ SGPC ਤੇ ਦਿੱਤੀ ਦਸਤਾਰ

ਏਜੰਸੀ

ਖ਼ਬਰਾਂ, ਪੰਜਾਬ

ਅਜਿਹੇ ਲੱਖਾਂ ਨੌਜਵਾਨ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ਾਂ ਦਾ ਰੁਖ਼ ਕਰਦੇ ਹਨ

Seeing a young man deported from America with a bare head, the police gave him a turban at the SGPC.

 

Amritsar News: ਅਮਰੀਕਾ ਵਲੋਂ ਲਗਾਤਾਰ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਜਾਰੀ ਹੈ। ਬੀਤੀ ਦੇਰ ਰਾਤ ਅਮਰੀਕਾ ਦਾ ਜਹਾਜ਼ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ। ਅੱਜ ਫਿਰ ਇੱਕ ਹੋਰ ਜਹਾਜ਼ 119 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੇਗਾ। 

ਉਨ੍ਹਾਂ ਹੀ ਦੇਸ਼ ਨਿਕਾਲਾ ਦਿੱਤੇ ਭਾਰਤੀਆਂ ਵਿਚੋਂ ਇੱਕ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਇਸ ਤਸਵੀਰ ਨੂੰ ਦੇਖ ਕੇ ਜਿੱਥੇ ਕਈ ਸਿੱਖਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਉੱਥੇ ਹੀ ਕਈ ਸਵਾਲ ਵੀ ਖੜ੍ਹੇ ਹੁੰਦੇ ਹਨ।

ਦੇਸ਼ ਨਿਕਾਲਾ ਦਿੱਤੇ ਇਸ ਨੌਜਵਾਨ ਦੇ ਸਿਰ ਉੱਤੇ ਦਸਤਾਰ ਨਹੀਂ ਸੀ। ਐਸਜੀਪੀਸੀ ਵਲੋਂ ਉਸ ਨੂੰ ਦਸਤਾਰ ਦਿੱਤੀ ਗਈ। 

ਅਜਿਹੇ ਲੱਖਾਂ ਨੌਜਵਾਨ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ਾਂ ਦਾ ਰੁਖ਼ ਕਰਦੇ ਹਨ। ਹੁਣ ਇਨ੍ਹਾਂ ਮਿਹਨਤਕਸ਼ ਨੌਜਵਾਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ। ਅਮਰੀਕਾ ਲਗਾਤਾਰ ਸਰਹੱਦਾਂ ਉੱਤੇ ਵੀ ਸਖ਼ਤੀ ਵਧਾ ਰਿਹਾ ਹੈ। 

ਬੀਤੀ ਰਾਤ ਕਰੀਬ 116 ਭਾਰਤੀਆਂ ਨੂੰ ਭੇਜਿਆ ਗਿਆ ਇਸ ਤੋਂ ਪਹਿਲਾਂ 5 ਫ਼ਰਵਰੀ ਨੂੰ 104 ਭਾਰਤੀਆਂ ਨੂੰ ਦੇਸ਼ ਨਿਕਾਲਾ ਦੇ ਕੇ ਭੇਜਿਆ ਗਿਆ ਸੀ। ਬੀਤੀ ਰਾਤ ਆਏ ਭਾਰਤੀਆਂ ਵਿਚ 65 ਨੌਜਵਾਨ ਪੰਜਾਬ ਤੋਂ, 33 ਹਰਿਆਣਾ ਤੇ 8 ਗੁਜਰਾਤ, 3 ਯੂ.ਪੀ, 2 ਰਾਜਸਥਾਨ, 2 ਮਹਾਰਾਸ਼ਟਰ, 1 ਹਿਮਾਚਲ ਪ੍ਰਦੇਸ਼ ਤੇ 1 ਜੰਮੂ ਕਸ਼ਮੀਰ ਤੋਂ ਸੀ । 

ਦੇਸ਼ ਨਿਕਾਲਾ ਦਿੱਤੇ ਨੌਜਵਾਨਾਂ ਦੇ ਪੈਰਾਂ ਵਿਚ ਬੇੜੀਆਂ ਤੇ ਹੱਥਕੜੀਆਂ ਲਗਾ ਕੇ ਭੇਜਿਆ ਜਾ ਰਿਹਾ ਹੈ।

ਇਹ ਨੌਜਵਾਨ ਵੀ ਬਹੁਤ ਸਾਰੇ ਸੁਪਨੇ ਲੈ ਕੇ ਅਮਰੀਕਾ ਗਿਆ ਹੋਵੇਗਾ ਉਸ ਨੇ ਸੋਚਿਆਂ ਹੋਵੇਗਾ ਕਿ ਉਹ ਉੱਥੇ ਜਾ ਕੇ ਵਧੀਆਂ ਕਮਾਈ ਕਰੇਗਾ ਤੇ ਸਿਰ ਉੱਤੇ ਲਈ ਕਰਜ਼ੇ ਦੀ ਪੰਡ ਲਾਹੇਗਾ। ਹੋ ਸਕਦਾ ਹੈ ਕਿ ਉਹ ਨੌਜਵਾਨ 50 ਲੱਖ ਰੁਪਏ ਲਗਾ ਕੇ ਗਿਆ ਹੋਵੇਗਾ ਜਾਂ ਇਸ ਤੋਂ ਵੱਧ। ਅੱਜ ਅਜਿਹੇ ਹਾਲਾਤ ਬਣ ਗਏ ਕਿ ਉਸ ਦੇ ਸਿਰ ਉੱਤੇ ਦਸਤਾਰ ਤਕ ਨਹੀਂ ਰਹੀ। 

ਕਈ ਲੋਕਾਂ ਦੇ ਮਨਾਂ ਵਿਚ ਅੱਜ ਵੀ ਬਹੁਤ ਸਾਰੇ ਸਵਾਲ ਹਨ ਕਿ ਕਿਉਂ ਭਾਰਤ ਸਰਕਾਰ ਨੇ ਟਰੰਪ ਸਰਕਾਰ ਨਾਲ ਗੱਲ ਨਹੀਂ ਕੀਤੀ ਕਿ ਇਨ੍ਹਾਂ ਪ੍ਰਵਾਸੀਆਂ ਨੂੰ ਆਮ ਲੋਕਾਂ ਵਾਂਗ ਹੀ ਵਾਪਸ ਭੇਜਿਆ ਜਾਵੇ। 

ਜਦਕਿ ਕੋਲੰਬੀਆਂ ਦੇ ਰਾਸ਼ਟਰਪਤੀ ਨੇ ਟਰੰਪ ਨੂੰ ਸਿੱਧੇ ਤੌਰ ਉੱਤੇ ਕਹਿ ਦਿੱਤਾ ਸੀ ਕਿ ਸਾਡੇ ਨਾਗਰਿਕਾਂ ਨੂੰ ਅਪਰਾਧੀਆਂ ਦੀ ਤਰ੍ਹਾਂ ਨਹੀਂ ਸਗੋਂ ਆਮ ਲੋਕਾਂ ਵਾਂਗ ਭੇਜਿਆ ਜਾਵੇ। 

ਭਾਰਤ ਕਿਉਂ ਨਹੀਂ ਆਪਣੇ ਨਾਗਰਿਕਾ ਨੂੰ ਲਿਆਉਣ ਲਈ ਆਪਣਾ ਜਹਾਜ਼ ਭੇਜ ਰਿਹਾ? ਕਿਉਂ ਉਨ੍ਹਾਂ ਨੂੰ ਬੇੜੀਆਂ ਤੇ ਹਥਕੜੀਆਂ ਲਗਾ ਕੇ ਲਿਆਂਦਾ ਜਾ ਰਿਹਾ ਹੈ?
ਇਸ ਮੁੱਦੇ ਉਤੇ ਦੇਸ਼ ਭਰ ਵਿਚ ਸਿਆਸਤ ਹੋ ਰਹੀ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਵੀ ਸਵਾਲ ਚੁੱਕੇ ਜਾ ਰਹੇ ਹਨ ਕਿ ਅੰਮ੍ਰਿਤਸਰ ਵਿਚ ਅਮਰੀਕੀ ਜਹਾਜ਼ ਦੀ ਲੈਂਡਿੰਗ ਸਿਰਫ਼ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। 

ਜਿਹੜਾ ਜਹਾਜ਼ ਅਹਿਮਦਾਬਾਦ, ਦਿੱਲੀ ਅਤੇ ਮੁੰਬਈ ਦੇ ਹਵਾਈ ਅੱਡੇ ਛੱਡ ਕੇ ਅੰਮ੍ਰਿਤਸਰ ਉਤਾਰਿਆ ਜਾਂਦਾ ਹੈ। ਇਹ ਜਹਾਜ਼ ਹੋਰ ਹਵਾਈ ਅੱਡਿਆਂ ਉੱਤੇ ਕਿਉਂ ਨਹੀਂ ਉਤਾਰਿਆ ਜਾ ਰਿਹਾ? ਇਸ ਉੱਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। 

ਅਮਰੀਕਾ ਤੋਂ ਬਾਅਦ ਯੂ.ਕੇ ਨੇ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਦੇ ਹਾਲ ਵੀ ਬਹੁਤੇ ਸੁਖ਼ਾਵੇ ਨਹੀਂ ਹਨ। ਬੀਤੇ ਦਿਨੀਂ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਰੂਬੀ ਢੱਲਾ ਨੇ ਐਲਾਨ ਕੀਤਾ ਸੀ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਕੈਨੇਡਾ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਿਆ ਜਾਵੇਗਾ। ਇਸ ਦਾ ਸਿੱਧਾ ਅਰਥ ਇਹ ਹੈ ਕਿ ਇਸ ਪ੍ਰਭਾਵ ਥੱਲੇ ਫਿਰ ਤੋਂ ਜ਼ਿਆਦਾਤਰ ਭਾਰਤੀ ਹੀ ਆਉਣਗੇ। 

ਜੇਕਰ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਦੇਸ਼ ਦੇ ਕਾਨੂੰਨਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਥੇ 50-50 ਲੱਖ ਰੁਪਏ ਲਗਾ ਕੇ ਜਾਣ ਦੀ ਬਜਾਏ ਇਨ੍ਹਾਂ ਪੈਸਿਆਂ ਨਾਲ ਪੰਜਾਬ ਵਿਚ ਹੀ ਕੋਈ ਵਧੀਆ ਕਾਰੋਬਾਰ ਖੜ੍ਹਾ ਕਰ ਸਕਦੇ ਹੋ।