ਅਮਰੀਕਾ ਤੋਂ 112 ਲੋਕਾਂ ਨੂੰ ਲੈ ਕੇ ਆਇਆ ਤੀਜਾ ਫ਼ੌਜੀ ਜਹਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੀਜੀ ਫਲਾਈਟ ਵਿੱਚ ਪੰਜਾਬ ਦੇ ਆਏ 31 ਨੌਜਵਾਨ

Third military plane brings 112 people from America

ਅੰਮ੍ਰਿਤਸਰ: : ਅਮਰੀਕਾ ਸਰਕਾਰ ਵਲੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਪ੍ਰਵਾਸ ਕਰ ਕੇ ਗਏ ਭਾਰਤੀਆਂ ਨੂੰ ਉਥੋਂ ਕੱਢੇ ਜਾਣ ਦਾ ਸਿਲਸਿਲਾ ਜਾਰੀ ਹੈ। ਅੱਜ ਦੇਰ ਰਾਤ ਅਮਰੀਕਾ ਤੋਂ ਡਿਪੋਰਟ ਕੀਤੇ 112 ਹੋਰ ਭਾਰਤੀਆਂ ਨੂੰ ਲੈ ਕੇ ਅਮਰੀਕੀ ਫ਼ੌਜ ਦਾ ਜਹਾਜ਼ ਪਹੁੰਚਿਆ।

ਜ਼ਿਕਰਯੋਗ ਹੈ ਕਿ ਭਾਰੀ ਵਿਰੋਧ ਤੇ ਭਾਰਤ ਵਿਚ ਰੋਸ ਦੇ ਬਾਵਜੂਦ ਅਮਰੀਕਾ ਵਲੋਂ ਭਾਰਤੀਆਂ ਨੂੰ ਹੱਥਕੜੀਆਂ ਅਤੇ ਬੇੜੀਆਂ ਲਾ ਕੇ ਹੀ ਭੇਜਿਆ ਜਾ ਰਿਹਾ ਹੈ ਅਤੇ ਹੁਣ ਤਾਂ ਗੱਲ ਇਸ ਤੋਂ ਵੀ ਅੱਗੇ ਜਾ ਚੁੱਕੀ ਹੈ ਕਿ ਸਿੱਖ ਨੌਜਵਾਨਾਂ ਨੂੰ ਦਸਤਾਰਾਂ ਲੁਹਾ ਕੇ ਨੰਗੇ ਸਿਰ ਲਿਆਂਦਾ ਜਾ ਰਿਹਾ ਹੈ। ਅੱਜ ਆਏ ਤੀਜੇ ਜਹਾਜ਼ ਵਿਚ ਸ਼ਾਮਲ 112 ਭਾਰਤੀਆਂ ਵਿਚ ਸੱਭ ਤੋਂ ਵੱਧ 44 ਹਰਿਆਣਾ ਦੇ ਹਨ। ਇਸ ਤੋਂ ਬਾਅਦ ਗੁਜਰਾਤ ਦੇ 33 ਅਤੇ ਪੰਜਾਬ ਦੇ 31 ਵਿਅਕਤੀ ਸ਼ਾਮਲ ਹਨ। ਉਤਰ ਪ੍ਰਦੇਸ਼ ਨਾਲ ਸਬੰਧਤ 2 ਅਤੇ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦਾ ਇਕ ਇਕ ਵਿਅਕਤੀ ਹੈ। ਇਨ੍ਹਾਂ 23 ਔਰਤਾਂ ਹਨ ਜਿਨ੍ਹਾਂ ਵਿਚੋਂ ਪੰਜਾਬ ਦੀਆਂ 2 ਔਰਤਾਂ ਹਨ। ਇਸ ਵਿਚ 4 ਛੋਟੇ ਬੱਚੇ ਵੀ ਦਸੇ ਜਾਂਦੇ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੋ ਜਹਾਜ਼ ਅਮਰੀਕਾ ਤੋਂ ਭਾਰਤ ਆ ਚੁੱਕੇ ਹਨ। ਪੰਜਾਬ ਦੀ ਧਰਤੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਉਪਰ ਉਤਰਨ ਵਾਲੀਆਂ ਇਨ੍ਹਾਂ ਫ਼ਲਾਈਟਾਂ ਵਿਚੋਂ ਪਹਿਲੇ ਜਹਾਜ਼ ਵਿਚ 104 ਵਿਅਕਤੀ ਆਏ ਸਨ। ਦੂਜੇ ਜਹਾਜ਼ ਵਿਚ ਬੀਤੀ ਰਾਤ 116 ਭਾਰਤੀ ਆਏ ਸਨ। ਪਹਿਲੇ ਜਹਾਜ਼ ਵਿਚ ਪੰਜਾਬ ਦੇ 30 ਅਤੇ ਦੂਜੇ ਜਹਾਜ਼ ਵਿਚ 65 ਪੰਜਾਬੀ ਸਨ। ਇਸ ਤਰ੍ਹਾਂ ਹੁਣ ਤਕ 332 ਕੁਲ ਭਾਰਤੀ ਡਿਪੋਰਟ ਹੋ ਕੇ ਆਏ ਹਨ। ਇਨ੍ਹਾਂ ਵਿਚ ਪੰਜਾਬ ਦੇ 126 ਵਿਅਕਤੀ ਹਨ।