ਗ੍ਰੈਮੀ ਐਵਾਰਡ ਸਮਾਗਮ ਮੌਕੇ ਕਿਸਾਨਾਂ ਦੇ ਸਮਰਥਨ ਵਾਲਾ ਮਾਸਕ ਪਾ ਕੇ ਪਹੁੰਚੀ ਲਿੱਲੀ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਗ੍ਰੈਮੀ ਐਵਾਰਡ ਸਮਾਗਮ ਮੌਕੇ ਕਿਸਾਨਾਂ ਦੇ ਸਮਰਥਨ ਵਾਲਾ ਮਾਸਕ ਪਾ ਕੇ ਪਹੁੰਚੀ ਲਿੱਲੀ ਸਿੰਘ

image

ਅਦਾਕਾਰਾ ਲਿੱਲੀ ਸਿੰਘ ਨੇ ਅਨੋਖੇ ਰੂਪ ਵਿਚ ਕੀਤਾ ਕਿਸਾਨਾਂ ਦਾ ਸਮਰਥਨ

ਨਵੀਂ ਦਿੱਲੀ, 15 ਮਾਰਚ: ਖੇਤੀ ਕਾਨੂੰਨਾਂ ਵਿਰੁਧ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਲਗਾਤਾਰ ਕੌਮਾਂਤਰੀ ਪੱਧਰ ਦੀਆਂ ਹਸਤੀਆਂ ਦਾ ਸਮਰਥਨ ਮਿਲ ਰਿਹਾ ਹੈ। ਇਸ ਦੇ ਚਲਦਿਆਂ ਕੈਨੇਡੀਅਨ ਯੂਟਿਊਬਰ ਅਤੇ ਅਦਾਕਾਰਾ ਲਿੱਲੀ ਸਿੰਘ ਨੇ ਵੀ ਕਿਸਾਨਾਂ ਦਾ ਅਨੋਖੇ ਰੂਪ ਵਿਚ ਸਮਰਥਨ ਕੀਤਾ ਹੈ। ਲਿੱਲੀ ਸਿੰਘ ਦੇ ਇਸ ਰੂਪ ਨੇ ਹਰ ਕਿਸੇ ਦਾ ਧਿਆਨ ਅਪਣੇ ਵਲ ਖਿਚਿਆ ਹੈ। ਦਰਅਸਲ ਲਿੱਲੀ ਸਿੰਘ ਗਰੈਮੀ ਐਵਾਰਡ 2021 ਮੌਕੇ ਕਿਸਾਨਾਂ ਦੇ ਸਮਰਥਨ ਵਾਲਾ ਮਾਸਕ ਪਾ ਕੇ ਪਹੁੰਚੀ।
 ਲਿੱਲੀ ਸਿੰਘ ਦੇ ਮਾਸਕ ਉਤੇ ਲਿਖਿਆ ਹੋਇਆ ਸੀ ਕਿ ‘‘ਮੈਂ ਕਿਸਾਨਾਂ ਨਾਲ ਖੜੀ ਹਾਂ।’’ ਲਿੱਲੀ ਸਿੰਘ ਨੇ ਅਪਣੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਸਾਂਝੀਆਂ ਕੀਤੀਆਂ ਹਨ ਤੇ ਮੀਡੀਆ ਨੂੰ ਇਨ੍ਹਾਂ ਤਸਵੀਰਾਂ ਦੀ ਵਰਤੋਂ ਕਰਨ ਲਈ ਵੀ ਕਿਹਾ ਹੈ। ਲਿੱਲੀ ਸਿੰਘ ਨੇ ਇੰਸਟਾਗ੍ਰਾਮ ’ਤੇ ਫ਼ੋਟੋ ਸ਼ੇਅਰ ਕਰਦਿਆਂ ਲਿਖਿਆ, ‘ਮੈਨੂੰ ਪਤਾ ਹੈ ਕਿ ਰੈੱਡ ਕਾਰਪੇਟ ਦੀਆਂ ਤਸਵੀਰਾਂ ਸੱਭ ਤੋਂ ਜ਼ਿਆਦਾ ਮੀਡੀਆ ਵਿਚ ਕਵਰੇਜ਼ ਪਾਉਂਦੀਆਂ ਹਨ ਤਾਂ ਇਹ ਲਉ ਮੀਡੀਆ। ਇਨ੍ਹਾਂ ਨੂੰ ਵਰਤਣ ਲਈ ਤੁਸੀਂ ਪੂਰੀ ਤਰ੍ਹਾਂ ਆਜ਼ਾਦ ਹੋ’। ਲਿੱਲੀ ਦੀਆਂ ਇਹ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ। ਲਿੱਲੀ ਦੀਆਂ ਪੋਸਟਾਂ ’ਤੇ ਲਗਾਤਾਰ ਕੌਮਾਂਤਰੀ ਪੱਧਰ ਦੇ ਲੋਕ ਵੀ ਪ੍ਰਤੀਕਿਰਿਆ ਦੇ ਰਹੇ ਹਨ। 
ਇਸ ਤੋਂ ਪਹਿਲਾਂ ਵੀ ਲਿੱਲੀ ਕਿਸਾਨ ਅੰਦੋਲਨ ਦੀ ਹਮਾਇਤ ਕਰ ਚੁੱਕੀ ਹੈ, ਉਨ੍ਹਾਂ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਟਵੀਟ ਨੂੰ ਸ਼ੇਅਰ ਕਰਦਿਆਂ ਕਿਸਾਨੀ ਸੰਘਰਸ਼ ਨੂੰ ‘ਇਤਿਹਾਸ ਦਾ ਸੱਭ ਤੋਂ ਵੱਡਾ’ ਸੰਘਰਸ਼ ਦਸਿਆ ਸੀ।  ਦਸਣਯੋਗ ਹੈ ਕਿ ਇੰਡੀਅਨ ਕੈਨੇਡੀਅਨ ਯੂਟਿਊਬਰ ਲਿਲੀ ਸਿੰਘ ਦੇ ਇੰਸਟਾਗ੍ਰਾਮ ਉੱਤੇ 9 ਮਿਲੀਅਨ ਤੋਂ ਜ਼ਿਆਦਾ ਫ਼ਾਲੋਅਰਜ਼ ਹਨ ਜਦਕਿ ਉਨ੍ਹਾਂ ਨੂੰ 14 ਮਿਲੀਅਨ ਲੋਕਾਂ ਨੇ ਯੂਟਿਊਬ ਉੱਤੇ ਸਬਸਕ੍ਰਾਈਬ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਲਿੱਲੀ ਸਿੰਘ ਇਕ ਟਿਕ-ਟਾਕ ਵੀਡੀਉ ਜ਼ਰੀਏ ਵੀ ਕਿਸਾਨਾਂ ਦਾ ਸਮਰਥਨ ਕਰਨ ਦੀ ਅਪੀਲ ਕਰ ਚੁੱਕੀ ਹੈ।                 (ਏਜੰਸੀ)