ਅਕਾਲ ਤਖ਼ਤ ਦੇ ਬਾਗ਼ੀ ਬਾਦਲ ਨੂੰ ਤਲਬ ਕਰਨ ਤੋਂ ਹਿਚਕਚਾਹਟ ਨਾ ਦਿਖਾਉਣ

ਏਜੰਸੀ

ਖ਼ਬਰਾਂ, ਪੰਜਾਬ

ਅਕਾਲ ਤਖ਼ਤ ਦੇ ਬਾਗ਼ੀ ਬਾਦਲ ਨੂੰ ਤਲਬ ਕਰਨ ਤੋਂ ਹਿਚਕਚਾਹਟ ਨਾ ਦਿਖਾਉਣ

image

ਪੰਥਕ ਆਗੂ ਵਲੋਂ ਅੰਕੜਿਆਂ ਸਹਿਤ ਪੇਸ਼ ਕੀਤੇ ਗਏ ਬਾਦਲ ਦੇ ਪੰਥ 

ਕੋਟਕਪੂਰਾ, 15 ਮਾਰਚ (ਗੁਰਿੰਦਰ ਸਿੰਘ) : ਅਕਾਲ ਤਖ਼ਤ ਸਾਹਿਬ ਤੋਂ ਬਾਗ਼ੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸਤ ਵਿਚ ਜਿਉਂਦਾ ਰੱਖਣ ਲਈ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਪੰਥ ਪ੍ਰਸਿੱਧ ਕਥਾਵਾਚਕ ਤੇ ਸਿੱਖ ਚਿੰਤਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ‘ਦਰਬਾਰ ਏ ਖ਼ਾਲਸਾ’ ਨੇ ਤੱਥਾਂ ਸਮੇਤ ਪ੍ਰਗਟਾਵਾ ਕਰਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਸਿਆ ਕਿ ਬਾਦਲ ਦੇ ਰਾਜ ਵਿਚ 13 ਅਪ੍ਰੈ੍ਰਲ 1978 ਨੂੰ ਅੰਮ੍ਰਿਤਸਰ ਸਾਹਿਬ ਵਿਖੇ ਵਾਪਰੇ ਨਿਰੰਕਾਰੀ ਕਾਂਡ ਤੋਂ ਬਾਅਦ 10 ਜੂਨ 1978 ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਧੂ ਸਿੰਘ ਵਲੋਂ ਨਿਰੰਕਾਰੀਆਂ ਦੇ ਸਮਾਜਕ ਬਾਈਕਾਟ ਦੇ ਦਿਤੇ ਸੱਦੇ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 17 ਜੂਨ 1978 ਨੂੰ ਕੈਬਨਿਟ ਦੀ ਮੀਟਿੰਗ ਵਿਚ ਇਹ ਕਹਿ ਕੇ ਠੁਕਰਾ ਦਿਤਾ ਸੀ ਕਿ ਇਹ ਹੁਕਮ ਸਿਰਫ਼ ਉਨ੍ਹਾਂ ਲਈ ਹੈ, ਜਿਹੜੇ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਹਨ। 
ਜ਼ਿਕਰਯੋਗ ਹੇ ਕਿ 13 ਸਿੰਘਾਂ ਦੇ ਕਤਲੇਆਮ ਤੋਂ ਬਾਅਦ ਸਿੱਖਾਂ ਦੀ ਅਣਖ ਨੂੰ ਵੰਗਾਰਦਿਆਂ ਨਿਰੰਕਾਰੀਆਂ ਨੇ 27 ਅਗੱਸਤ 1979 ਨੂੰ ਫਿਰ ਅੰਮ੍ਰਿਤਸਰ ਵਿਖੇ ਪ੍ਰੋਗਰਾਮ ਉਲੀਕਿਆ, ਮੁੱਖ ਮੰਤਰੀ ਬਾਦਲ ਨੇ ਸਮਾਗਮ ਦਾ ਸਮਰਥਨ ਕਰਦਿਆਂ 25 ਅਗੱਸਤ 1979 ਨੂੰ ਹੀ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਉਕਤ ਪ੍ਰੋਗਰਾਮ ਦਾ ਵਿਰੋਧ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇ। ਭਾਈ ਮਾਝੀ ਮੁਤਾਬਕ ਸਾਲ 1979 ਵਿਚ ਜਦੋਂ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੇ ਬਾਦਲ ਨੂੰ ਅਕਾਲ ਤਖ਼ਤ ’ਤੇ ਤਲਬ ਕੀਤਾ ਤਾਂ ਬਾਦਲ ਨੇ ਅਪਣੇ ਆਪ ਨੂੰ ਮੁੱਖ ਮੰਤਰੀ ਦਸਦਿਆਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਕਦੇ ਵੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਨਹੀਂ ਹੋ ਸਕਦਾ। ਜਦੋਂ ਕਿ ਅਸਲੀਅਤ ਵਿਚ ਮਹਾਰਾਜਾ ਰਣਜੀਤ ਸਿੰਘ ਤੋਂ ਇਲਾਵਾ ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ, ਗ੍ਰਹਿ ਮੰਤਰੀ ਬੂਟਾ ਸਿੰਘ, ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਆਦਿ ਵਰਗੀਆਂ ਉੱਚੇ ਅਹੁਦੇ ਵਾਲੀਆਂ ਸ਼ਖ਼ਸੀਅਤਾਂ ਸਮੇਂ ਸਮੇਂ ਅਕਾਲ ਤਖ਼ਤ ਵਿਖੇ ਪੇਸ਼ ਹੁੰਦੀਆਂ ਰਹੀਆਂ ਹਨ। ਭਾਈ ਮਾਝੀ ਮੁਤਾਬਕ ਜੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਬਤੌਰ ਜਥੇਦਾਰ 7 ਦਸੰਬਰ 2000 ਨੂੰ ਆਰਐਸਐਸ ਨੂੰ ਸਿੱਖਾਂ ਦੇ ਅੰਦਰੂਨੀ ਦਖ਼ਲ ਤੋਂ ਵਰਜਿਆ ਤਾਂ 2 ਦਿਨਾਂ ਬਾਅਦ ਹੀ ਅਰਥਾਤ 9 ਦਸੰਬਰ ਨੂੰ ਬਾਦਲ ਨੇ ਮੀਡੀਏ ਵਿਚ ਬਿਆਨ ਦੇ ਕੇ ਆਰਐਸਐਸ ਨੂੰ ਦੇਸ਼ ਭਗਤ ਦਸਦਿਆਂ ਆਰਐਸਐਸ ਵਿਰੁਧ ਬਿਆਨ ਦੇਣ ਵਾਲਿਆਂ ਨੂੰ ਦੇਸ਼ ਧ੍ਰੋਹੀ ਅਤੇ ਪੰਜਾਬ ਦੇ ਦੁਸ਼ਮਣ ਤਕ ਆਖ ਦਿੱਤਾ। ਬਾਦਲ ਦੇ ਰਾਜ ਵਿਚ ਹੀ ਭਨਿਆਰੇ ਵਾਲੇ ਸਾਧ ਨੇ ਪੰਜਾਬ ਦੇ ਵੱਖ ਵੱਖ 13 ਥਾਵਾਂ ’ਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੁੂਪਾਂ ਨੂੰ ਅੱਗਾਂ ਲਵਾਈਆਂ ਪਰ ਭਨਿਆਰੇ ਵਾਲੇ ਵਿਰੁਧ ਬਾਦਲ ਸਰਕਾਰ ਨੇ ਕੋਈ ਸਖ਼ਤ ਕਾਰਵਾਈ ਕਰਨ ਦੀ ਜ਼ਰੂਰਤ ਹੀ ਨਾ ਸਮਝੀ। 
ਸੌਦਾ ਸਾਧ ਤੇ ਹੋਰ ਡੇਰੇਦਾਰਾਂ ਨਾਲ ਨਿਭਾਈ ਯਾਰੀ ਅਤੇ ਨੂਰਮਹਿਲੀਏ ਡੇਰੇ ਦਾ ਸਮਰਥਨ ਕਰਨ ਵਾਲੀਆਂ ਗੱਲਾਂ ਕਿਸੇ ਤੋਂ ਲੁਕੀਆਂ ਛਿਪੀਆਂ ਨਹੀਂ। ਭਾਈ ਮਾਝੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਚਾਹੀਦਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਬਾਗ਼ੀ ਪ੍ਰਕਾਸ਼ ਸਿੰਘ ਬਾਦਲ ਨੂੰ 5 ਦਸੰਬਰ 2011 ਨੂੰ ਅਕਾਲ ਤਖ਼ਤ ਵਲੋਂ ਦਿਤਾ ‘ਫ਼ਖ਼ਰ-ਏ-ਕੌਮ’ ਅਤੇ ‘ਪੰਥ ਰਤਨ’ ਦੇ ਖ਼ਿਤਾਬ ਵਾਪਸ ਲੈ ਕੇ ਉਸ ਨੂੰ ਅਕਾਲ ਤਖ਼ਤ ਵਿਖੇ ਤਬਲ ਕੀਤਾ ਜਾਵੇ।