ਭਾਜਪਾ ਦਾ ‘ਕਮਲ’ ਅਤੇ ‘ਆਪ’ ਦੇ ‘ਝਾੜੂ’ ਦਾ ਚੋਣ-ਨਿਸ਼ਾਨ ਪੌਰਾਣਿਕ-ਮਤੀ ਦੇਵੀ ਦੇਵਤਿਆਂ ਦੇ ਪ੍ਰਤੀਕ : ਜਗਤਾਰ ਸਿੰਘ ਜਾਚਕ
ਭਾਜਪਾ ਦਾ ‘ਕਮਲ’ ਅਤੇ ‘ਆਪ’ ਦੇ ‘ਝਾੜੂ’ ਦਾ ਚੋਣ-ਨਿਸ਼ਾਨ ਪੌਰਾਣਿਕ-ਮਤੀ ਦੇਵੀ ਦੇਵਤਿਆਂ ਦੇ ਪ੍ਰਤੀਕ : ਜਗਤਾਰ ਸਿੰਘ ਜਾਚਕ
ਕੋਟਕਪੂਰਾ, 15 ਮਾਰਚ (ਗੁਰਿੰਦਰ ਸਿੰਘ) : ਭਾਜਪਾ ਦਾ ‘ਕਮਲ ਫੁਲ’ ਅਤੇ ਆਪ ਦੇ ‘ਝਾੜੂ’ ਦਾ ਚੋਣ-ਨਿਸ਼ਾਨ ਪੌਰਾਣਿਕ ਮਤੀ ਹਿੰਦੂ ਦੇਵੀ-ਦੇਵਤਿਆਂ ਦੇ ਪ੍ਰਤੀਕ ਹਨ। ਪੁਰਾਣੇ ਸਮੇਂ ਮੁਤਾਬਕ ਸਾਰੇ ਦੇਵੀ-ਦੇਵਤਿਆਂ ਦੇ ਮੋਢੀ ਦੇਵਤੇ ਬ੍ਰਹਮਾ ਦੀ ਪੈਦਾਇਸ਼ ‘ਕਮਲ ਫੁੱਲ’ ਵਿਚੋਂ ਮੰਨੀ ਜਾਂਦੀ ਹੈ। ਤਸਵੀਰਾਂ ’ਚ ਗਨੇਸ਼ ਦੇਵਤਾ ਅਤੇ ਸਰਸਵਤੀ ਦੇਵੀ ਦਾ ਆਸਣ ਵੀ ‘ਕਮਲ ਫੁੱਲ’ ਹੀ ਦਰਸਾਇਆ ਜਾਂਦਾ ਹੈ। ਖੋਤੇ ਦੀ ਸਵਾਰੀ ਕਰਨ ਵਾਲੀ ਸ਼ੀਤਲਾ ਦੇਵੀ (ਚੇਚਕ ਦੀ ਦੇਵੀ) ਦੇ ਹੱਥ ਵਿਚ ‘ਝਾੜੂ’ ਵੇਖਿਆ ਜਾ ਸਕਦਾ ਹੈ। ਸਪੱਸ਼ਟ ਹੈ ਕਿ ਵੇਖਣ ਨੂੰ ਦੋਵੇਂ ਰਾਜਨੀਤਕ ਪਾਰਟੀਆਂ ਭਾਵੇਂ ਵੱਖ-ਵੱਖ ਹਨ ਪਰ ਜਿਥੇ ਇਨ੍ਹਾਂ ਦਾ ਮੁੱਢ ਤੇ ਮਨੋਰਥ ਇਕ ਹੈ, ਉੱਥੇ ਇਹ ਇਕ ਦੂਜੇ ਦੀਆਂ ਪੂਰਕ ਵੀ ਹਨ। ਇਨ੍ਹਾਂ ਦੇ ਚੋਣ-ਨਿਸ਼ਾਨ ਧਾਰਮਕ ਹਨ, ਜੋ ਭਾਰਤੀ ਸੰਵਿਧਾਨ ਅਤੇ ਚੋਣ ਕਮਿਸ਼ਨ ਦੇ ਧਰਮ-ਨਿਰਪੇਖ ਨਿਯਮਾਂ ਦੀ ਪ੍ਰਤੱਖ ਉਲੰਘਣਾ ਹੈ।
ਇਹ ਵਿਚਾਰ ਹਨ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਇਕ ਈਮੇਲ ਰਾਹੀਂ ‘ਰੋਜ਼ਾਨਾ ਸਪੋਕਸਮੈਨ’ ਭੇਜੇ ਪ੍ਰੈਸ ਨੋਟ ਨਾਲ ਸਾਂਝੇ ਕੀਤੇ ਹਨ। ਗੁਰੂ ਗ੍ਰੰਥ ਸਾਹਿਬ ਦੀ ਮਾਨਵਵਾਦੀ ਵਿਚਾਰਧਾਰਾ ਦੇਵੀ ਦੇਵਤਿਆਂ ਦੀ ਮੂਰਤੀ ਪੂਜਕ ਤੇ ਕਰਮਕਾਂਡੀ ਉਪਾਸਨਾ ਨੂੰ ਰੱਦ ਕਰਦੀ ਹੋਈ ਇਕ ਸਰਵ ਵਿਆਪਕ ਅਕਾਲ ਪੁਰਖ ਦੀ ਗੁਣਵੰਤੀ ਉਪਾਸਨਾ ਦਿ੍ਰੜ੍ਹ ਕਰਵਾਉਂਦੀ ਹੈ। ਇਹੀ ਕਾਰਨ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਥ ਦੇ ਪਾਂਧੀ ਸਿੱਖ ਸੇਵਕਾਂ ਨੇ 1920 ’ਚ ਜਦੋਂ ਅਪਣੀ ਰਾਜਨੀਤਕ ਜਥੇਬੰਦੀ ਸਥਾਪਤ ਕੀਤੀ ਤਾਂ ਉਸ ਦਾ ਨਾਂਅ ‘ਸ਼੍ਰੋਮਣੀ ਅਕਾਲੀ ਦਲ’ ਰਖਿਆ। ਭਾਰਤੀ ਚੋਣ ਕਮਿਸ਼ਨ ਵਲੋਂ ਚੋਣ ਨਿਸ਼ਾਨ ‘ਤੱਕੜੀ’ ਮਿਲਿਆ ਜਿਸ ਨੂੰ ਸੰਸਾਰ ਭਰ ’ਚ ਇਨਸਾਫ਼ (ਧਰਮ ਨਿਆਂ) ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਮੁਤਾਬਕ ‘ਧਰਮ ਨਿਆਉ’ ਰੱਬੀ ਸਿਫ਼ਤ ਤੇ ਸੁਭਾਅ ਹੈ ਪਰ ਜਦੋਂ ਇਸ ਨੇ ਰਾਜਸੀ ਸੱਤਾ ਦੇ ਬਲਬੂਤੇ ਤੇ ਸੁਆਰਥ-ਵਸ ਸਿੱਖੀ ਦੀ ਪੰਚ-ਪ੍ਰਧਾਨੀ ਪੰਚਾਇਤਕ ਪ੍ਰਣਾਲੀ ਦੀ ਥਾਂ ਪ੍ਰਵਾਰਵਾਦ ਨੂੰ ਪ੍ਰਧਾਨਗੀ ਦਿੰਦਿਆਂ ਇਨਸਾਫ਼ ਨੂੰ ਮੁੱਢੋਂ ਹੀ ਤਿਲਾਂਜ਼ਲੀ ਦੇ ਦਿਤੀ ਤਾਂ ਸਮੁੱਚੇ ਸਿੱਖ ਜਗਤ ਨੇ ਅਜਿਹੇ ਪ੍ਰਵਾਰਕ ਦਲ ਨੂੰ ਸੱਤਾਹੀਣ ਕਰ ਕੇ ਅਕਾਲੀ ਖ਼ਾਸੇ ਵਾਲੇ ਮੁੱਢਲੇ ਦਲ ਨੂੰ ਮੁੜ ਸੁਰਜੀਤ ਕਰਨ ਦਾ ਫ਼ੈਸਲਾ ਲੈ ਲਿਆ, ਤਾਕਿ ਸ਼੍ਰੋਮਣੀ ਅਕਾਲੀ ਦਲ ਦੀ ਮਾਂ ਸ਼੍ਰੋਮਣੀ ਕਮੇਟੀ ਨੂੰ ਪ੍ਰਵਾਰਕ ਕਬਜ਼ੇ ਤੋਂ ਮੁਕਤ ਕਰਵਾਇਆ ਜਾ ਸਕੇ।
‘ਮਰਦੀ ਨੇ ਅੱਕ ਚੱਬਿਆ’ ਦੀ ਪੰਜਾਬੀ ਕਹਾਵਤ ਮੁਤਾਬਕ ਇਸੇ ਲਈ ਪੰਥ ਤੇ ਪੰਜਾਬ ਨੇ ਸਾਲ 2017 ’ਚ ਕਾਂਗਰਸ ਨੂੰ ਅਤੇ ਹੁਣ 2022 ਵਿਚ ‘ਆਪ’ ਨੂੰ ਇਕ ਮੌਕਾ ਦਿੰਦਿਆਂ ਰਾਜ-ਸੱਤਾ ਬਖ਼ਸ਼ੀ। ਭਾਵੇਂ ਉਹ ਭਲੀਭਾਂਤ ਜਾਣਦੇ ਸਨ ਕਿ ‘ਪੰਜਾ’ ਜੋ ਪੰਚਾਇਤੀ ਪ੍ਰਣਾਲੀ ਤੇ ਲੋਕਾਂ ਦੇ ਸੁਰੱਖਿਅਕ ਸਹਾਰੇ ਦਾ ਪ੍ਰਤੀਕ ਹੈ, ਉਹ ਵੀ ਪ੍ਰਵਾਰਕ ਕਬਜ਼ੇ ਵਾਲੀ ਮੁੱਠੀ ਦੇ ਰੂਪ ’ਚ ਬਘਿਆੜਾਂ ਤੇ ਕੁੱਤਿਆਂ ਵਾਲਾ ਖ਼ੂਨੀ ਪੰਜਾ ਬਣ ਚੁੱਕਾ ਹੈ। ਉਨ੍ਹਾਂ ਦਸਿਆ ਕਿ ਮਹਾਨਕੋਸ਼ ਵਿਚ ‘ਝਾੜੂ’ ਦੇ ਦੋ ਵਿਸ਼ੇਸ਼ ਅਰਥ ਹਨ : ਝਾੜਣ ਵਾਲਾ ਅਤੇ ਧਨ ਖੋਹਣ ਵਾਲਾ। ਝਾੜੂ ਵਾਲੀ ਸ਼ੀਤਲਾ ਦੀ ਸਵਾਰੀ ਖੋਤੇ ਦਾ ਸੁਭਾਅ ਖੇਹ ਉਡਾਉਣਾ ਹੈ। ਜਿੱਤ ਦੇ ਜਸ਼ਨਾਂ ਮੌਕੇ ਸਰਕਾਰੀ ਬਸਾਂ ਦੀ ਦੁਰਵਰਤੋਂ ਨਾਲ ਖੇਹ ਉੱਡਣੀ ਵੀ ਸ਼ੁਰੂ ਹੋ ਚੁੱਕੀ ਹੈ। ਇਸ ਲਈ ‘ਗੁਰਾਂ ਦੇ ਨਾਂ ’ਤੇ ਜਿਊਣ ਵਾਲੇ ਪੰਜਾਬ ਅਤੇ ਪੰਥ ਨੂੰ ਅਗਾਂਹ ਲਈ ਹੁਣ ਤੋਂ ਹੀ ਸੋਚ ਸਮਝ ਕੇ ਫ਼ੈਸਲੇ ਲੈਣ ਅਤੇ ਸੁਚੇਤ ਹੋਣ ਦੀ ਅਤਿਅੰਤ ਲੋੜ ਹੈ।