ਮਿਜ਼ਾਈਲ ਮਾਮਲੇ ਨੂੰ ਪਾਕਿਸਤਾਨ ਨੇ ਦਸਿਆ ਗੰਭੀਰ, ਮੁੜ ਦੁਹਰਾਈ ਸਾਂਝੀ ਜਾਂਚ ਦੀ ਮੰਗ

ਏਜੰਸੀ

ਖ਼ਬਰਾਂ, ਪੰਜਾਬ

ਮਿਜ਼ਾਈਲ ਮਾਮਲੇ ਨੂੰ ਪਾਕਿਸਤਾਨ ਨੇ ਦਸਿਆ ਗੰਭੀਰ, ਮੁੜ ਦੁਹਰਾਈ ਸਾਂਝੀ ਜਾਂਚ ਦੀ ਮੰਗ

image

ਇਸਲਾਮਾਬਾਦ, 15 ਮਾਰਚ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਤੋਂ ਮਿਜ਼ਾਈਲ ਦਾ ਅਚਾਨਕ ਪਾਕਿਸਤਾਨੀ ਖੇਤਰ ਵਿਚ ਡਿੱਗਣਾ ਇਕ ‘ਗੰਭੀਰ ਮਾਮਲਾ’ ਹੈ, ਜਿਸ ਦਾ ਹੱਲ ਨਵੀਂ ਦਿੱਲੀ ਵਲੋਂ ਸਿਰਫ਼ ‘ਸਤਹੀ ਸਫ਼ਾਈ’ ਦੇਣ ਨਾਲ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਮਾਮਲੇ ਦੀ ਸਾਂਝੀ ਜਾਂਚ ਦੀ ਮੰਗ ਦੁਹਰਾਈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਵਲੋਂ ਜਾਰੀ ਬਿਆਨ ਮੁਤਾਬਕ ਕੁਰੈਸ਼ੀ ਨੇ ਇਹ ਟਿੱਪਣੀ ਆਪਣੇ ਜਰਮਨ ਹਮਰੁਤਬਾ ਅਨਾਲੇਨਾ ਬਾਰਬੋਕ ਨਾਲ ਟੈਲੀਫ਼ੋਨ ’ਤੇ ਗੱਲਬਾਤ ਦੌਰਾਨ ਕੀਤੀ। ਬਿਆਨ ਮੁਤਾਬਕ ਕੁਰੈਸ਼ੀ ਨੇ 9 ਮਾਰਚ ਨੂੰ ਭਾਰਤੀ ਮਿਜ਼ਾਈਲ ਵਲੋਂ ਪਾਕਿਸਤਾਨੀ ਹਵਾਈ ਖੇਤਰ ਦੀ ਉਲੰਘਣਾ ਕੀਤੇ ਜਾਣ ਦੀ ਬਾਰਬੋਕ ਨੂੰ ਜਾਣਕਾਰੀ ਦਿਤੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੇ ਇਸ ’ਤੇ ਅਫ਼ਸੋਸ ਪ੍ਰਗਟ ਕੀਤਾ ਸੀ ਅਤੇ ਕਿਹਾ ਸੀ ਕਿ ਮਿਜ਼ਾਈਲ ਅਚਾਨਕ ਚੱਲ ਗਈ ਸੀ।
ਵਿਦੇਸ਼ ਮੰਤਰਾਲਾ ਅਨੁਸਾਰ, ਹਾਲਾਂਕਿ ਕੁਰੈਸ਼ੀ ਨੇ ਕਿਹਾ ਕਿ ਅਜਿਹੇ ਗੰਭੀਰ ਮਾਮਲੇ ਨੂੰ ਭਾਰਤੀ ਪੱਖ ਤੋਂ ਸਤਹੀ ਸਫ਼ਾਈ ਨਾਲ ਹੱਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਸੰਯੁਕਤ ਜਾਂਚ ਦੀ ਮੰਗ ਕੀਤੀ ਹੈ ਅਤੇ ਉਹ ਅੰਤਰਰਾਸ਼ਟਰੀ ਭਾਈਚਾਰੇ ਨੂੰ ਐਟੋਮਾਈਜ਼ਡ ਮਾਹੌਲ ਵਿਚ ਗੰਭੀਰ ਕਿਸਮ ਦੀ ਇਸ ਘਟਨਾ ਦਾ ਡੂੰਘਾ ਸੰਕਲਪ ਲੈਣ ਅਤੇ ਇਸ ਖੇਤਰ ਵਿਚ ਰਣਨੀਤਕ ਸਥਿਰਤਾ ਨੂੰ ਕਾਇਮ ਰੱਖਣ ਅਤੇ ਉਸ ਨੂੰ ਉਤਸ਼ਾਹਿਤ ਕਰਨ ਵਿਚ ਆਪਣੀ ਬਣਦੀ ਭੂਮਿਕਾ ਨਿਭਾਉਣ ਦੀ ਮੰਗ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਭਾਰਤ ਸਰਕਾਰ ਨੇ ਕਿਹਾ ਸੀ ਕਿ 2 ਦਿਨ ਪਹਿਲਾਂ ਅਚਾਨਕ ਉਸ ਕੋਲੋਂ ਮਿਜ਼ਾਈਲ ਚੱਲ ਗਈ ਸੀ ਜੋ ਪਾਕਿਸਤਾਨ ਵਿਚ ਜਾ ਡਿੱਗੀ ਸੀ ਅਤੇ ਨਿਯਮਤ ਰੱਖ-ਰਖਾਅ ਦੌਰਾਨ ਤਕਨੀਕੀ ਖ਼ਰਾਬੀ ਕਾਰਨ ਇਹ ਘਟਨਾ ਬਹੁਤ ਹੀ ਅਫ਼ਸੋਸਜਨਕ ਹੈ।    (ਏਜੰਸੀ)